ਸਾਢੇ 6 ਕਰੋੜ ਦੇ ਵਿਕਾਸ ਨਾਲ ਮਨਸੂਰਵਾਲ ਕਲਾਂ ਦੀ ਬਦਲੀ ਤਸਵੀਰ : ਕਟਾਰੀਆ ਸਾਢੇ 6 ਕਰੋੜ ਦੇ ਵਿਕਾਸ ਨਾਲ ਮਨਸੂਰਵਾਲ ਕਲਾਂ ਦੀ ਬਦਲੀ ਤਸਵੀਰ, ਨਰੇਸ਼ ਕਟਾਰੀਆ ਨੇ ਲੋਕ ਅਰਪਣ ਕੀਤੇ ਪ੍ਰੋਜੈਕਟ
Publish Date: Wed, 04 Nov 2026 05:21 PM (IST)
Updated Date: Wed, 04 Nov 2026 05:23 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ੀਰਾ ਹਲਕੇ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਕਰੀਬ ਸਾਢੇ 6 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸਤਨਾਮ ਸਿੰਘ, ਚੇਅਰਮੈਨ ਲਾਭ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਸਮੇਤ ਪਿੰਡ ਵਾਸੀਆਂ ਨੇ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰੇਸ਼ ਕਟਾਰੀਆ ਨੇ ਦੱਸਿਆ ਕਿ ਪਿੰਡ ਦੀਆਂ 17 ਗਲੀਆਂ ਨੂੰ ਇੰਟਰਲਾਕ ਟਾਈਲਾਂ ਲਗਾ ਕੇ ਪੱਕਾ ਕੀਤਾ ਗਿਆ ਹੈ, ਜਦਕਿ ਕਿਸਾਨਾਂ ਦੇ ਖੇਤਾਂ ਤੱਕ ਸਿੰਜਾਈ ਲਈ ਪਾਣੀ ਪਹੁੰਚਾਉਣ ਵਾਸਤੇ 8 ਕਿਲੋਮੀਟਰ ਲੰਮੀ ਪਾਈਪਲਾਈਨ ਵਿਛਾਈ ਗਈ ਹੈ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੇ ਘਰਾਂ ਦੇ ਨੇੜੇ ਬੋਰ ਕਰਵਾਉਣ ਦੇ ਨਾਲ-ਨਾਲ ਖੇਤੀਬਾੜੀ ਲਈ 11 ਹਜ਼ਾਰ ਵਰਗ ਫੁੱਟ ਖਾਲਿਆਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡ ਦੇ ਸਟੇਡੀਅਮ ਵਿੱਚ ਕਸਰਤ ਕਰਨ ਵਾਲੀਆਂ ਵੱਖ-ਵੱਖ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਚਾਇਤੀ ਬੋਰ ਅਤੇ ਬਾਥਰੂਮਾਂ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ, ਤਾਂ ਜੋ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਕਸਰਤ ਕਰਕੇ ਆਪਣੀ ਸਿਹਤ ਦਾ ਖ਼ਿਆਲ ਰੱਖ ਸਕਣ। ਇਸੇ ਤਰ੍ਹਾਂ ਸਨੇਰ ਰੋਡ ਤੋਂ ਬਾਬਾ ਸੁੰਦਰ ਦਾਸ ਜੀ ਦੇ ਗੁਰਦੁਆਰਾ ਸਾਹਿਬ ਤੱਕ ਅਤੇ ਮਨਸੂਰਵਾਲ ਕਲਾਂ ਤੋਂ ਮਹੀਆਂ ਵਾਲਾ ਤੱਕ ਪੱਕੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਮੌਕੇ ਸਰਪੰਚ ਸਤਨਾਮ ਸਿੰਘ ਅਤੇ ਚੇਅਰਮੈਨ ਲਾਭ ਸਿੰਘ ਨੇ ਵਿਧਾਇਕ ਨਰੇਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਦੀਆਂ ਲੋੜਾਂ ਅਤੇ ਪੰਚਾਇਤ ਦੀਆਂ ਮੰਗਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਦੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਦੌਰਾਨ ਮਜ਼ਦੂਰ ਵਰਗ ਦੇ ਕੱਟੇ ਗਏ ਪਲਾਟਾਂ ਨਾਲ ਸਬੰਧਤ ਮਸਲੇ ਦਾ ਵੀ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਸਮਾਗਮ ਵਿੱਚ ਮੈਂਬਰ ਜਸਬੀਰ ਸਿੰਘ ਸਮੇਤ ਪਿੰਡ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।