ਰਾਜਪਾਲ ਪੰਜਾਬ ਨੇ ਨਾਮਵਰ ਸ਼ਖ਼ਸੀਅਤਾਂ ਨੂੰ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਆ ਰਾਜਪਾਲ ਪੰਜਾਬ ਨੇ ਨਾਮਵਰ ਸ਼ਖ਼ਸੀਅਤਾਂ ਨੂੰ ‘ਐਵਾਰਡ ਆਫ਼ ਆਨਰ’ ਨਾਲ ਕੀਤਾ ਸਨਮਾਨਿਤ
Publish Date: Sun, 15 Nov 2026 06:48 PM (IST)
Updated Date: Sun, 15 Nov 2026 06:51 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ 7 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਬਦਲੇ ਵੱਕਾਰੀ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ। ਇੰਨ੍ਹਾਂ ਸਨਮਾਨਿਤ ਸ਼ਖਸੀਅਤਾਂ ਵੱਲੋਂ ਸਮਾਜ ਸੇਵਾ,ਵਪਾਰ , ਸਿੱਖਿਆ, ਸਿਹਤ ਅਤੇ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਹੋ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕੀਤੇ ਗਏ ਹਨ। ਇਸ ਸਬੰਧੀ ਰਾਜਪਾਲ ਨੇ ਆਖਿਆ ਕਿ ‘ਇਹ ਸਨਮਾਨ ਨਾ ਸਿਰਫ਼ ਇਨ੍ਹਾਂ ਸ਼ਖ਼ਸੀਅਤਾਂ ਦੀ ਨਿੱਜੀ ਪ੍ਰਾਪਤੀ ਹੈ, ਸਗੋਂ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ।’ ਸਨਮਾਨਿਤ ਹੋਣ ਵਾਲਿਆਂ ਵਿੱਚੋਂ ਹੇਠ ਲਿਖੇ ਨਾਂਅ ਪ੍ਰਮੁੱਖ ਹਨ। ਸਮੀਰ ਮਿੱਤਲ ਅਤੇ ਸੰਜਨਾ ਮਿੱਤਲ; ਇਲਾਕੇ ਦੇ ਉੱਘੇ ਉਦਯੋਗਪਤੀ ਤੇ ਸਿਰਕੱਢ ਐਕਸਪੋਰਟਰ ਸਮੀਰ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਸੰਜਨਾ ਮਿੱਤਲ ਨੂੰ ਰੋਜਗਾਰ ਮੁਹੱਈਆ ਕਰਵਾਉਣ, ਸਮਾਜ ਸੇਵਾ ਤੇ ਇਲਾਕੇ ਦੀ ਹਰ ਗਤੀਵਿਧੀ ਵਿੱਚ ਵੱਧ ਚੱੜ੍ਹ ਕੇ ਸਹਿਯੋਗ ਕਰਨ ਕਾਰਣ ਸਨਮਾਨਿਤ ਕੀਤਾ ਗਿਆ। ਸਮੀਰ ਮਿੱਤਲ ਅਤੇ ਸੰਜਨਾ ਮਿੱਤਲ ਨੇ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਡਾ. ਅਨਿਰੁੱਧ ਗੁਪਤਾ, ਸੀਈੳ ਡੀਸੀਐੱਮ ਗਰੁੱਪ ਆਫ ਸਕੂਲਜ਼ ਡਾ. ਅਨਿਰੁੱਧ ਗੁਪਤਾ ਨੇ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਰਾਹੀਂ ਵਿਸ਼ੇਸ਼ ਪਛਾਣ ਬਣਾਈ ਹੈ। ਪੰਜਾਬ ਸਮੇਤ ਕਈ ਸੂਬਿਆਂ ਵਿੱਚ ਸਕੂਲ ਚਲਾਉਣ ਵਾਲੇ ਡਾਕਟਰ ਅਨਿਰੁੱਧ ਗੁੱਪਤਾ ਨੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਹਮੇਸ਼ਾਂ ਤਰਜੀਹੀ ਲਿਸਟ ’ਤੇ ਰੱਖਿਆ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣ, ਵਿਦਿਅਕ ਮਿਆਰਾਂ ਨੂੰ ਉੱਚਾ ਚੁੱਕਣ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਨੂੰ ‘ਸੈਰ ਸਪਾਟਾ’ ਨਕਸ਼ੇ ’ਤੇ ਲਿਆਉਣ ਲਈ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ । ਡਾ. ਸਤਿੰਦਰ ਸਿੰਘ ਡਿਪਟੀ ਡੀਈਓ ਨੈਸ਼ਨਲ ਐਵਾਰਡੀ ਅਧਿਆਪਕ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਨੇ ਸਿੱਖਿਆ ਦੇ ਨਾਲ ਨਾਲ ਵਾਤਾਵਰਣ ਸੰਭਾਲ ਵਿੱਚ ਅਹਿਮ ਯੋਗਦਾਨ ਲਈ ‘ਐਗਰੀਡ ਫਾਉਂਡੇਸ਼ਨ’ ਦੀ ਸਥਾਪਨਾ ਕਰਕੇ ਵਿਦਿਆਰਥੀਆਂ ਨੂੰ ਵੀ ਇਸ ਪਾਸੇ ਜੋੜਿਆ ਹੈ। ਇਸ ਤੋਂ ਇਲਾਵਾ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰਦਿਆਂ ਉਨ੍ਹਾਂ ਪੱਛੜੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਘਰ ਘਰ ਜਾ ਕੇ ਬੱਚਿਆਂ ਨੂੰ ਸਿੱਖਿਆ ਦੁਆਉਣ ਲਈ ਕ੍ਰਾਂਤੀਕਾਰੀ ਕੰਮ ਕੀਤੇ ਹਨ। ਪੰਜਾਬ ਭਰ ਦੇ ਐਨਜੀੳਜ਼ ਨਾਲ ਸੰਪਰਕ ਕਰਕੇ ਲੋੜਵੰਦ ਸਰਹੱਦੀ ਬੱਚਿਆਂ ਦੀ ਜਰੂਰਤਾਂ ਪੂਰੀਆਂ ਕਰਨ ਤੋਂ ਇਲਾਵਾ ਦਰਿਆ ਸਤਲੁਜ ਦੇ ਪਾਣੀ ਪ੍ਰਦੂਸ਼ਣ ਲਈ ਵੀ ਕਈ ਵਾਰੀ ਸਿਹਤ ਮਹਿਕਮੇ ਦੀਆਂ ਟੀਮਾਂ ਦੇ ਕੈਂਪ ਲਗਵਾਏ ਹਨ। ਡਾ. ਸੰਦੀਪ ਸਿੰਘ ਸੰਧਾ ਡਾ. ਸੰਦੀਪ ਸਿੰਘ ਸੰਧਾ ਨੇ ਖੋਜ,ਏ ਆਈ, ਅਕਾਦਮਿਕ ਖੇਤਰ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਨਵੀਆਂ ਪੁਲਾਂਘਾਂ ਪੁੱਟੀਆਂ ਹਨ। ਉਨ੍ਹਾਂ ਦੀ ਅਗਵਾਈ ਹੇਠ ਸਮਾਜ ਸੁਧਾਰ ਅਤੇ ਵਿਦਿਅਕ ਖੇਤਰ ਵਿੱਚ ਕਈ ਅਜਿਹੇ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਨੇ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਡਾ. ਰਾਮੇਸ਼ਵਰ ਸਿੰਘ ਡਾ. ਰਾਮੇਸ਼ਵਰ ਸਿੰਘ ਨੇ ਵਿਦਿਅਕ ਅਤੇ ਬੌਧਿਕ ਖੇਤਰ ਵਿੱਚ ਲੰਮੇ ਸਮੇਂ ਤੱਕ ਸੇਵਾਵਾਂ ਨਿਭਾਉਂਦਿਆਂ ਸਮਾਜ ਵਿੱਚ ਗਿਆਨ ਵੰਢਿਆ ਹੈ। ਇਸ ਤੋਂ ਇਲਾਵਾ ਹਿੰਦੁਸਤਾਨ ,ਅਣਵੰਢੇ ਪੰਜਾਬ ਅਤੇ ਫਿਰੋਜ਼ਪੁਰ ਦੇ ਇਤਿਹਾਸ ਬਾਰੇ ਡਾਕਟਰ ਸਾਹਿਬ ਜਿੰਨੀਂ ਜਾਣਕਾਰੀ ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ।ਬੀਤੇ ਸਾਲ ਜਦੋਂ ਫਿਰੋਜ਼ਪੁਰ ਦਾ ਇਤਿਹਾਸਕ ਕਿਲਾ ਆਮ ਜਨਤਾ ਲਈ ਖੋਲ੍ਹਿਆ ਗਿਆ ਤਾਂ ਉਸ ਸਮੇਂ ਡਾਕਟਰ ਰਮੇਸ਼ਵਰ ਸਿੰਘ ਵੱਲੋਂ ਕਿਲੇ ਦੇ ਇਤਿਹਾਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਸੀ। ਡਾ. ਕਮਲ ਬਾਗੀ ਡਾ. ਕਮਲ ਬਾਗੀ ਇਲਾਕੇ ਦੇ ਮੁੱਖ ਪ੍ਰਾਈਵੇਟ ਅਨਿਲ ਬਾਗੀ ਹਸਪਤਾਲ ਰਾਹੀਂ ਡਾਕਟਰੀ ਖੇਤਰ ਵਿੱਚ ਸਮਰਪਣ ਭਾਵਨਾ ਨਾਲ ਕੰਮ ਕਰ ਰਹੇ ਹਨ। ਇਥੇ ਹਮੇਸ਼ਾ ਸਮਾਜ ਦੇ ਦੁਖੀ ਅਤੇ ਪਛੜੇ ਵਰਗਾਂ ਦੇ ਲੋਕਾਂ ਨੂੰ ਵੀ ਸਰਕਾਰੀ ਹੈਲਥ ਕਾਰਡਾਂ ਜਰੀਏ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ, ਜਿਸ ਨਾਲ ਅਨੇਕਾਂ ਲੋੜਵੰਦਾਂ ਨੂੰ ਵੱਡਾ ਲਾਭ ਮਿਲਿਆ ਹੈ। ਉਮਿੰਦਰ ਦੱਤ ਸ਼ਰਮਾ ਉਮਿੰਦਰ ਦੱਤ ਸ਼ਰਮਾ ਨੇ ਵਾਤਾਵਰਣ ਦੀ ਸੰਭਾਲ ਅਤੇ ਲੋਕ ਭਲਾਈ ਦੇ ਅਨੇਕਾਂ ਪ੍ਰੋਜੈਕਟਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ। ਉਨ੍ਹਾਂ ਦੇ ਨਿਰਸਵਾਰਥ ਯਤਨਾਂ ਸਦਕਾ ਸਮਾਜ ਵਿੱਚ ਸਕਾਰਾਤਮਕ ਬਦਲਾਅ ਆਇਆ ਹੈ ਅਤੇ ਕਈ ਲੋਕ ਆਪਣੇ ਪੁਰਾਤਣ ਵਿਰਸੇ ਅਤੇ ਪੁਰਾਤਨ ਖੁਰਾਕੀ ਵਿਰਸੇ ਨਾਲ ਜੁੜੇ ਹਨ ।‘ਖੇਤੀ ਵਿਰਾਸਤ ਮਿਸ਼ਨ ’ ਤਹਿਤ ਉਨ੍ਹਾਂ ਵੱਲੋਂ ਹਮੇਸ਼ਾਂ ਆਰਗੈਨਿਕ ਖੇਤੀ ਨੂੰ ਪ੍ਰਮੋਟ ਕੀਤਾ ਜਾਂਦਾ ਹੇ।ਇਹੋ ਕਾਰਣ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਰਗੈਨਿਕ ਖੇਤੀ ਲਈ ਐਲਾਣੇ ਤਿੰਨ ਨਾਵਾਂ ਵਿੱਚੋਂ ਉਮਿੰਦਰ ਦੱਤ ਸ਼ਰਮਾ ਦਾ ਨਾਂਅ ਵੀ ਇਕ ਸੀ ।