ਰਾਜਪਾਲ ਤੇ ਸੀਐੱਮ ਫਿਰੋਜ਼ਪੁਰ ’ਚ ਅੱਜ, ਸੱਦਾ ਕਾਰਡਾਂ ’ਚ ਸੀਐੱਮ ਦਾ ਜ਼ਿਕਰ ਹੀ ਨਹੀਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਫਿਰੋਜ਼ਪੁਰ ’ਚ 550 ਵਿਦਿਆਰਥੀਆਂ ਨੂੰ ਅੱਜ ਵੰਢਣਗੇ ਡਿਗਰੀਆਂ
Publish Date: Fri, 13 Nov 2026 06:15 PM (IST)
Updated Date: Fri, 13 Nov 2026 06:18 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨੀਚਰਵਾਰ ਨੂੰ ਫਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਹੋਣ ਵਾਲੀ ਪਹਿਲੀ ਇਤਿਹਾਸਕ ਕਨਵੋਕੇਸ਼ਨ ਵਿੱਚ ਸ਼ਿਰਕੱਤ ਕਰਨਗੇ ।ਇਸ ਸਮਾਗਮ ਦੌਰਾਨ ਰਾਜਪਾਲ ਅਤੇ ਮੁੱਖ ਮੰਤਰੀ ਜਿਥੇ 3 ਪੀ.ਐੱਚ.ਡੀ. ਖੋਜਾਰਥੀਆਂ ਸਮੇਤ ਲਗਭਗ 550 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 90 ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਪ੍ਰਦਾਨ ਕਰਨਗੇ ,ਉਥੇ ਇਲਾਕੇ ਦੇ ਨਾਮਵਰ ਵਪਾਰੀਆਂ ਨੂੰ ਵੀ ਸਪੈਸ਼ਲ ‘ਐਵਾਰਡ ਆਫ ਆਨਰ’ ਵੰਢਣਗੇ। ਜ਼ਿਲ੍ਹਾ ਪ੍ਰਸ਼ਾਸਨ ਅਨੁਸਰ ਇਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੇ ਜਾਣ ਦੀਆਂ ਖ਼ਬਰਾਂ ਹਨ , ਹਾਲਾਂਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਵੰਡੇ ਸੱਦਾ ਕਾਰਡਾਂ ਵਿੱਚ ਮੁੱਖ ਮੰਤਰੀ ਦੀ ਆਮਦ ਸਬੰਧੀ ਕੋਈ ਜਿਕਰ ਨਹੀਂ ਕੀਤਾ ਗਿਆ ਹੈ, ਪਰ ਮੁੰਹ ਜੁਬਾਨੀ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਸਬੰਧੀ ਦੱਸਿਆ ਜਾ ਰਿਹਾ ਹੈ। ਕਨਵੋਕੇਸ਼ਨ ਦੇ ਨਾਲ-ਨਾਲ ਸਾਬਕਾ ਵਿਦਿਆਰਥੀਆਂ ਲਈ ਵਿਸ਼ੇਸ਼ ਐਲੂਮਨੀ ਮੀਟ ਵੀ ਕਰਵਾਈ ਜਾਵੇਗੀ। ਯੂਨੀਵਰਸਟੀ ਅਧਿਕਾਰੀਆਂ ਮੁਤਾਬਿਕ ਇਸ ਮੌਕੇ ਵਾਤਾਵਰਣ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਿਸਾਲੀ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਇੰਨ੍ਹਾਂ ਵਿੱਚੋਂ ਡਾ. ਕਮਲ ਬਾਗੀ, ਡਾ. ਅਨਿਰੁੱਧ ਗੁਪਤਾ, ਸੰਜਨਾ ਮਿੱਤਲ ਤੇ ਸਮੀਰ ਮਿੱਤਲ, ਡਾ. ਸਤਿੰਦਰ ਸਿੰਘ, ਡਾ. ਸੰਦੀਪ ਸਿੰਘ ਸੰਧਾ, ਡਾ. ਰਾਮੇਸ਼ਵਰ ਸਿੰਘ ਅਤੇ ਉਮਿੰਦਰ ਦੱਤ ਨੂੰ ਵੱਕਾਰੀ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਵਾਈਸ ਚਾਂਸਲਰ ਪ੍ਰੋ. (ਡਾ.) ਸੁਰੇਸ਼ ਕੁਮਾਰ ਸ਼ਰਮਾ, ਜੋ ਸਮਾਗਮ ਦੌਰਾਨ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਨਗੇ, ਦੀ ਯੋਗ ਅਗਵਾਈ ਅਤੇ ਰਜਿਸਟਰਾਰ ਡਾ. ਰਾਜੀਵ ਅਰੋੜਾ ਦੀ ਦੇਖ-ਰੇਖ ਹੇਠ ਸੁਰੱਖਿਆ, ਸਵਾਗਤ ਅਤੇ ਹੋਰ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਸੱਦਾ ਪੱਤਰ ’ਚ ਨਹੀਂ ਹੈ ਸੀਐੱਮ ਦਾ ਨਾਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਟੀ ਦੇ ਵਾਈਸ ਚਾਂਸਲਰ ਮੁਤਾਬਿਕ ਕਨਵੋਕੇਸ਼ਨ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬਤੌਰ ਮੁੱਖ ਮਹਿਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ ,ਪਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਯੂਨੀਵਰਸਟੀ ਅਧਿਕਾਰੀਆਂ ਵੱਲੋਂ ਸੱਦਾ ਪੱਤਰਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਦਾ ਜਿਕਰ ਹੀ ਨਹੀਂ ਕੀਤਾ ਗਿਆ ਹੈ । ਇਸ ਸਬੰਧੀ ਬੁੱਧਵਾਰ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਪਹੁੰਚੇ ਯੂਨੀਵਰਸਟੀ ਦੇ ਪ੍ਰੋਫੈਸਰ ਗਜਲਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਵੱਲੋਂ ਕਾਫੀ ਦੇਰੀ ਨਾਲ ਸਹਿਮਤੀ ਜਤਾਈ ਗਈ ਸੀ। ਇਸ ਲਈ ਉਨ੍ਹਾਂ ਦਾ ਨਾਂਅ ਪਾਉਣ ਤੋਂ ਰਹਿ ਗਿਆ ਸੀ।