ਸ਼ਹੀਦਾਂ ਦੇ ਚੌਕਾਂ ’ਤੇ ‘ਫਲੈਕਸ ਮਾਫੀਆ’ ਦੇ ਨਾਜਾਇਜ਼ ਕਬਜ਼ਿਆਂ ਦੀ ਖੇਡ ! ਸ਼ਹੀਦਾਂ ਦੇ ਚੌਕਾਂ ’ਤੇ ‘ਫਲੈਕਸ ਮਾਫੀਆ’ ਦੇ ਕਬਜ਼ੇ
Publish Date: Thu, 22 Oct 2026 06:38 PM (IST)
Updated Date: Fri, 23 Oct 2026 04:04 AM (IST)
ਇਕ ਹੋਰ ਮਾਨਸਾ ਕਾਂਡ ਕਰਵਾਉਣਾ ਚਾਹੁੰਦਾ ਹੈ ਪ੍ਰਸ਼ਾਸਨ, ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਪੰਜਾਬੀ ਜਾਗਰਣ ਰਿਪੋਰਟਰ , ਫਿਰੋਜ਼ਪੁਰ ; ਸ਼ਹਿਰ ਵਿੱਚ ਫਲੈਕਸ ਲਗਾਉਣ ਵਾਲਿਆਂ ਦਾ ਦਬਦਬਾ ਹੈ ਜਾਂ ਕਾਨੂੰਨ ਦਾ? ਇਹ ਸਵਾਲ ਇਸ ਲਈ ਖੜ੍ਹਾ ਹੋ ਰਿਹਾ ਹੈ ਕਿਉਂਕਿ ਜਨਤਕ ਥਾਵਾਂ ’ਤੇ ਅਣਅਧਿਕਾਰਤ ਇਸ਼ਤਿਹਾਰਬਾਜ਼ੀ ਰੋਕਣ ਦੇ ਨਿਯਮਾਂ ਅਤੇ ਪ੍ਰਸ਼ਾਸਨਿਕ ਹੁਕਮਾਂ ਦੇ ਬਾਵਜੂਦ ਸ਼ਹਿਰ ਦੇ ਚੌਕਾਂ, ਸੜਕਾਂ ਅਤੇ ਬਿਜਲੀ ਦੇ ਖੰਭਿਆਂ ’ਤੇ ਫਲੈਕਸਾਂ ਲੱਗੀਆਂ ਹੋਈਆਂ ਹਨ। ਹਾਲਾਤ ਇਹ ਹਨ ਕਿ ਸ਼ਹੀਦ ਊਧਮ ਸਿੰਘ ਚੌਕ, ਸ਼ਹੀਦ ਰਾਕੇਸ਼ ਪਾਇਲਟ ਚੌਕ ਅਤੇ ਬਾਬਾ ਨਾਮਦੇਵ ਚੌਕ ਵੀ ਇਨ੍ਹਾਂ ਤੋਂ ਬਚੇ ਨਹੀਂ ਹਨ। ਸ਼ਹੀਦਾਂ ਦੀ ਯਾਦ ਵਿੱਚ ਬਣੇ ਚੌਕਾਂ ਦੀ ਦਿੱਖ ਪ੍ਰਭਾਵਿਤ ਹੋਣ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਹੈ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾ ਕੌਣ ਰਿਹਾ ਹੈ? ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 123 ਤਹਿਤ ਸ਼ਹਿਰ ਵਿੱਚ ਇਸ਼ਤਿਹਾਰ ਲਗਾਉਣ ਲਈ ਨਿਰਧਾਰਤ ਪ੍ਰਕਿਰਿਆ ਅਨੁਸਾਰ ਲਿਖਤੀ ਮਨਜ਼ੂਰੀ ਦੀ ਵਿਵਸਥਾ ਹੈ। ਇਸ ਲਈ ਬਿਨਾਂ ਮਨਜ਼ੂਰੀ ਲੱਗੇ ਬੋਰਡਾਂ ਦੇ ਮਾਮਲੇ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਬਣਦੀ ਹੈ। ਪ੍ਰਸ਼ਾਸਨ ਵੱਲੋਂ ਪਾਬੰਦੀਆਂ ਦੇ ਹੁਕਮ ਤਾਂ ਜਾਰੀ ਕੀਤੇ ਜਾਂਦੇ ਹਨ, ਪਰ ਜੇਕਰ ਜਨਤਕ ਥਾਵਾਂ ’ਤੇ ਅਣਅਧਿਕਾਰਤ ਫਲੈਕਸ ਲੱਗਦੇ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਕਨੂੰਨੀ ਕਾਰਵਾਈ ਵੀ ਨਾਂ ਕੀਤੀ ਜਾਵੇ ਤਾਂ ਇਨ੍ਹਾਂ ਹੁਕਮਾਂ ਦੀ ਅਸਲ ਅਹਿਮੀਅਤ ਕੀ ਰਹਿ ਜਾਂਦੀ ਹੈ? ਹੁਣ ਪ੍ਰਸ਼ਾਸਨ ਲਈ ਅਸਲ ਇਮਤਿਹਾਨ ਸਿਰਫ਼ ਫਲੈਕਸਾਂ ਉਤਰਵਾਉਣਾ ਨਹੀਂ, ਸਗੋਂ ਇਹ ਸਪੱਸ਼ਟ ਕਰਨਾ ਹੈ ਕਿ ਹੁਕਮਾਂ ਦੀ ਉਲੰਘਣਾ ਕਿਵੇਂ ਹੋ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਮਾਲੀਆ ਕਿਸ ਦੀ ਜੇਬ ’ਚ, ਜਵਾਬਦੇਹ ਕੌਣ? ਅਣਅਧਿਕਾਰਤ ਫਲੈਕਸਾਂ ਤੋਂ ਵਪਾਰਕ ਲਾਹਾ ਲੈਣ ਵਾਲਿਆਂ ਦੀ ਜਵਾਬਦੇਹੀ ਤੈਅ ਕਰਨੀ ਵੀ ਜ਼ਰੂਰੀ ਹੈ। ਜੇਕਰ ਇਸ਼ਤਿਹਾਰ ਮਨਜ਼ੂਰੀ ਅਤੇ ਲਾਗੂ ਫੀਸ ਤੋਂ ਬਿਨਾਂ ਲੱਗ ਰਹੇ ਹਨ ਤਾਂ ਸਰਕਾਰੀ ਮਾਲੀਏ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਥੇ ਨਗਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਕੀ ਫਲੈਕਸ ਲਗਾਉਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਮਨਜ਼ੂਰੀ ਅਤੇ ਫੀਸ ਸਬੰਧੀ ਰਿਕਾਰਡ ਮੰਗਿਆ ਗਿਆ ਹੈ, ਕਿੰਨੇ ਚਲਾਨ ਕੱਟੇ ਗਏ ਅਤੇ ਕਿੰਨਾ ਜੁਰਮਾਨਾ ਵਸੂਲਿਆ ਗਿਆ? ਇਨ੍ਹਾਂ ਸਵਾਲਾਂ ਦੇ ਜਵਾਬ ਜਨਤਕ ਹੋਣੇ ਚਾਹੀਦੇ ਹਨ। ਸ਼ਹੀਦਾਂ ਦੀ ਬੇਅਦਬੀ ਬਰਦਾਸ਼ਤ ਨਹੀਂ : ਭਗਵਾਨ ਸਿੰਘ ਸਾਮਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੇ ਕਿਹਾ ਕਿ ਸ਼ਹੀਦਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਫਲੈਕਸਾਂ ਬਿਨਾਂ ਮਨਜ਼ੂਰੀ ਤੋਂ ਗੈਰ ਕਨੂੰਨੀ ਢੰਗ ਨਾਲ ਅਣਅਧਿਕਾਰਤ ਥਾਵਾਂ ’ਤੇ ਲੱਗਦੀਆਂ ਹਨ ਤਾਂ ਸਰਕਾਰ ਨੂੰ ਮਾਲੀਆ ਕਿਵੇਂ ਮਿਲੇਗਾ? ਉਨ੍ਹਾਂ ਮੰਗ ਕੀਤੀ ਕਿ ਅਣਅਧਿਕਾਰਤ ਫਲੈਕਸਾਂ ਹਟਾਉਣ ਦੇ ਨਾਲ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।