ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਜੂਨ ਮਹੀਨੇ ’ਚ 40 ਹਜ਼ਾਰ ਤੋਂ ਵੱਧ ਬਿਨਾਂ ਟਿਕਟ ਯਾਤਰੀ ਫੜੇ ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਜੂਨ ਮਹੀਨੇ ਵਿਚ 40 ਹਜ਼ਾਰ ਤੋਂ ਵੱਧ ਬਿਨ੍ਹਾ ਟਿਕਟ ਯਾਤਰੀ ਫੜੇ
Publish Date: Thu, 02 Jul 2026 04:22 PM (IST)
Updated Date: Thu, 02 Jul 2026 04:26 PM (IST)
- ਜਾਇਜ਼ ਮੁਸਾਫ਼ਰਾਂ ਦੀ ਸਹੂਲਤ ਲਈ ਚੈਕਿੰਗ ਮੁਹਿੰਮ ਲਗਾਤਾਰ ਜਾਰੀ, ਜੁਰਮਾਨੇ ਵਜੋਂ ਵਸੂਲੇ 3.16 ਕਰੋੜ ਰੁਪਏ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਟਰੇਨਾਂ ਵਿਚ ਬਿਨਾਂ ਟਿਕਟ ਅਤੇ ਨਾਜਾਇਜ਼ ਯਾਤਰਾ ਕਰਨ ਵਾਲਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜੂਨ 2026 ਦੇ ਮਹੀਨੇ ਦੌਰਾਨ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਚੈਕਿੰਗ ਦੌਰਾਨ ਕੁੱਲ 40,244 ਯਾਤਰੀ ਬਿਨਾਂ ਟਿਕਟ ਜਾਂ ਨਿਯਮਾਂ ਦੇ ਉਲਟ ਸਫ਼ਰ ਕਰਦੇ ਹੋਏ ਫੜੇ ਗਏ, ਜਿਨ੍ਹਾਂ ਕੋਲੋਂ ਜੁਰਮਾਨੇ ਵਜੋਂ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ। ਫ਼ਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਸਤੇ ਵੱਲੋਂ ਟਰੇਨਾਂ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਨਿਰੀਖਕਾਂ ਵੱਲੋਂ ਜੂਨ ਮਹੀਨੇ ਦੌਰਾਨ ਚਲਾਈ ਗਈ ਇਸ ਮੁਹਿੰਮ ਵਿਚ ਕੁੱਲ 40,244 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਬੇਨਿਯਮੀ ਨਾਲ ਯਾਤਰਾ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਮੌਕੇ ਰੇਲਵੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਿਯਮ ਤੋੜਨ ਵਾਲੇ ਯਾਤਰੀਆਂ ਕੋਲੋਂ ਜੁਰਮਾਨੇ ਦੇ ਰੂਪ ਵਿੱਚ ਲਗਭਗ 3.16 ਕਰੋੜ ਰੁਪਏ ਦਾ ਮਾਲੀਆ ਵਸੂਲ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਗਿਆ ਹੈ। ਟ੍ਰੇਨਾਂ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਗੰਦਗੀ ਫੈਲਾਉਣ ਤੋਂ ਰੋਕਣ ਲਈ ਵੀ ਵਿਸ਼ੇਸ਼ ਉਪਾਲ ਕੀਤੇ ਜਾ ਰਹੇ ਹਨ। ਜਨਤਾ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੰਡਲ ਦੇ ਮੁੱਖ ਸਟੇਸ਼ਨਾਂ ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ। ਇਸੇ ਦੇ ਨਤੀਜੇ ਵਜੋਂ, ਜੂਨ ਮਹੀਨੇ ਵਿੱਚ ਸਟੇਸ਼ਨ ਪਰਿਸਰ ਦੇ ਅੰਦਰ ਗੰਦਗੀ ਫੈਲਾਉਣ ਵਾਲੇ 375 ਯਾਤਰੀਆਂ ਖ਼ਿਲਾਫ਼ ‘ਐਂਟੀ ਲਿਟਰਿੰਗ ਐਕਟ’ ਤਹਿਤ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਕੋਲੋਂ 69 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਦੀ ਇਹ ਮੁਹਿੰਮ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਨੋਰਥ ਜਾਇਜ਼ ਟਿਕਟ ਲੈ ਕੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਸੁਰੱਖਿਅਤ, ਸੁਖਾਵਾਂ ਅਤੇ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣਾ ਹੈ।ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਉੱਤਰ ਰੇਲਵੇ ਫ਼ਿਰੋਜ਼ਪੁਰ ਨੇ ਆਖਿਆ ਕਿ ਰੇਲਵੇ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਬਿਨ੍ਹਾ ਟਿਕਟ ਜਾਂ ਨਜਾਇਜ਼ ਯਾਤਰਾ ਕਰਨ ਵਾਲੇ ਅਨਸਰਾਂ ਕਾਰਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਨਮਾਨਯੋਗ ਯਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।