ਬਾਬਾ ਬਕਾਲਾ ਕਾਨਫਰੰਸ ਲਈ ਜ਼ੀਰਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦਾ ਕਾਫ਼ਲਾ ਰਵਾਨਾ ਬਾਬਾ ਬਕਾਲਾ ਕਾਨਫਰੰਸ ਲਈ ਜ਼ੀਰਾ ਤੋਂ ਗੂੰਜਿਆ ਅਕਾਲੀ ਦਲ ਵਾਰਿਸ ਪੰਜਾਬ ਦਾ ਜੋਸ਼, ਵੱਡਾ ਕਾਫ਼ਲਾ ਰਵਾਨਾ
Publish Date: Fri, 28 Aug 2026 04:49 PM (IST)
Updated Date: Fri, 28 Aug 2026 04:52 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਰੱਖੜ ਪੁੰਨਿਆਂ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਹਲਕਾ ਜ਼ੀਰਾ ਤੋਂ ਪਾਰਟੀ ਦਾ ਵਿਸ਼ਾਲ ਕਾਫ਼ਲਾ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਦਫ਼ਤਰ ਜ਼ੀਰਾ ਤੋਂ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਇਆ। ਸੈਂਕੜੇ ਕਾਰਾਂ, ਜੀਪਾਂ ਅਤੇ ਹੋਰ ਵਾਹਨਾਂ ਵਿੱਚ ਸਵਾਰ ਹੋ ਕੇ ਵਰਕਰ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਰਵਾਨਾ ਹੋਏ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਹਲਕਾ ਜ਼ੀਰਾ ਦੀਆਂ ਸੰਗਤਾਂ ਵਿੱਚ ਵੱਡਾ ਉਤਸ਼ਾਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਲੋਕਾਂ ਵੱਲੋਂ ਨਵੀਂ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਕਰਕੇ ਮੁੜ ਸਿੱਖੀ ਨਾਲ ਜੋੜਨ ਦੇ ਯਤਨਾਂ ਨੂੰ ਯਾਦ ਕਰ ਰਹੇ ਹਨ। ਹਰਜਿੰਦਰ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਜਗਦੀਪ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਗੁਰਦੀਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਫਿਰੋਜ਼ਪੁਰ, ਇਕਬਾਲ ਸਿੰਘ ਚੱਬਾ ਜ਼ਿਲ੍ਹਾ ਆਗੂ, ਪ੍ਰਗਟ ਸਿੰਘ ਮਾਸਟਰ, ਵੀਰ ਸਿੰਘ ਸੇਖਵਾਂ, ਰਘਵੀਰ ਸਿੰਘ ਸਨ੍ਹੇਰ ਸਰਕਲ ਪ੍ਰਧਾਨ ਜ਼ੀਰਾ, ਨਰਿੰਦਰ ਸਿੰਘ ਪੰਨੂ ਸਰਕਲ ਪ੍ਰਧਾਨ ਮੱਖੂ, ਕਾਬਲ ਸਿੰਘ ਬੂਟੇ ਵਾਲਾ ਸਰਕਲ ਪ੍ਰਧਾਨ ਮੱਲਾਂਵਾਲਾ, ਰਣਜੀਤ ਸਿੰਘ ਬੰਬ, ਮੇਜ਼ਰ ਸਿੰਘ, ਗੁਰਦੀਪ ਸਿੰਘ ਗੁਰਾਲੀ, ਹਰਪ੍ਰੀਤ ਸਿੰਘ ਨੌਰੰਗ ਸਿੰਘ ਵਾਲਾ, ਨਿਰਮਲ ਸਿੰਘ ਜ਼ੀਰਾ, ਹਰੀ ਸਿੰਘ ਕੱਚਰਭੰਨ, ਯੁਗਰਾਜ ਸਿੰਘ ਠੱਠਾ, ਜਗੀਰ ਸਿੰਘ, ਹਰਭਜਨ ਸਿੰਘ ਮੇਹਰ ਸਿੰਘ ਵਾਲਾ, ਗੁਰਵਿੰਦਰ ਸਿੰਘ, ਦਲਜੀਤ ਸਿੰਘ, ਬੂਟਾ ਸਿੰਘ ਅਤੇ ਗੁਰਸਿਮਰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।