ਸ਼੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਸੁਣਾਇਆ ਸ੍ਰੀ ਕ੍ਰਿਸ਼ਨ ਰੁਕਮਣੀ ਵਿਆਹ ਦਾ ਪ੍ਰਸੰਗ ਸ਼੍ਰੀਮਦ ਭਾਗਵਤ ਕਥਾ ਦੇ ਛੇਵੇਂ ਦਿਨ ਸੁਣਾਇਆ ਸ੍ਰੀ ਕ੍ਰਿਸ਼ਨ ਰੁਕਮਣੀ ਵਿਆਹ ਦਾ ਪ੍ਰਸੰਗ
Publish Date: Wed, 18 Nov 2026 05:14 PM (IST)
Updated Date: Wed, 18 Nov 2026 05:15 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਸਥਾਨਕ ਸ਼ਿਵਾਲਾ ਮੰਦਰ ਵਿਖੇ ਸ੍ਰੀ ਸ੍ਰੀ 1008 ਬ੍ਰਹਮਲੀਨ ਸਿੱਧ ਬਾਬਾ ਸਵਾਮੀ ਸਵਤੇ ਪ੍ਰਕਾਸ਼ ਪੁਰੀ ਜੀ ਮਹਾਰਾਜ ਦੀ 72ਵੀਂ ਬਰਸੀ ਨੂੰ ਸਮਰਪਿਤ ਕਰਵਾਏ ਜਾ ਰਹੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਛੇਵੇਂ ਦਿਨ ਭਗਤੀ, ਅਧਿਆਤਮ ਅਤੇ ਸ਼ਰਧਾ ਦਾ ਅਜਿਹਾ ਮਨਮੋਹਕ ਸੰਗਮ ਸਿਰਜਿਆ ਗਿਆ, ਜਿਸ ਨੇ ਹਾਜ਼ਰ ਸੰਗਤ ਨੂੰ ਈਸ਼ਵਰੀ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਮਾਤਾ ਰੁਕਮਣੀ ਦੇ ਪਾਵਨ ਵਿਆਹ ਦਾ ਪ੍ਰਸੰਗ ਬੜੀ ਸ਼ਰਧਾ ਅਤੇ ਭਾਵਪੂਰਤ ਢੰਗ ਨਾਲ ਸੁਣਾਇਆ ਗਿਆ। ਵਿਆਸ ਪੀਠ ’ਤੇ ਬਿਰਾਜਮਾਨ ਸ੍ਰੀ ਸ੍ਰੀ 1008 ਅਚਾਰੀਆ ਮਹਾ ਮੰਡਲੇਸ਼ਵਰ ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਪੰਜ ਅਧਿਆਇਆਂ ਦੀ ਅਧਿਆਤਮਿਕ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮਹਾਰਾਸ ਦੀ ਲੀਲਾ ਕੇਵਲ ਇੱਕ ਧਾਰਮਿਕ ਪ੍ਰਸੰਗ ਨਹੀਂ, ਸਗੋਂ ਜੀਵਾਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਅਦਭੁੱਤ ਪ੍ਰਤੀਕ ਹੈ। ਇਸ ਵਿੱਚ ਦਰਜ ਪੰਜ ਗੀਤ ਭਾਗਵਤ ਦੀਆਂ ਪੰਜ ਜੀਵਨ ਸ਼ਕਤੀਆਂ ਦੇ ਸਮਾਨ ਹਨ। ਜਿਹੜਾ ਮਨੁੱਖ ਇਨ੍ਹਾਂ ਗੀਤਾਂ ਨੂੰ ਪੂਰਨ ਸ਼ਰਧਾ ਅਤੇ ਪ੍ਰੇਮ ਨਾਲ ਗਾਉਂਦਾ ਹੈ, ਉਹ ਸੰਸਾਰਕ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਕੇ ਵ੍ਰਿੰਦਾਵਨ ਦੀ ਪਾਵਨ ਭਗਤੀ ਦਾ ਅਧਿਕਾਰੀ ਬਣਦਾ ਹੈ। ਉਨ੍ਹਾਂ ਭਗਵਾਨ ਕ੍ਰਿਸ਼ਨ ਦੇ ਮਥੁਰਾ ਗਮਨ, ਕੰਸ ਵਧ, ਮਹਾਰਿਸ਼ੀ ਸੰਦੀਪਨੀ ਦੇ ਆਸ਼ਰਮ ਵਿੱਚ ਵਿੱਦਿਆ ਪ੍ਰਾਪਤੀ, ਕਲਯਵਨ ਵਧ, ਊਧਵ ਅਤੇ ਗੋਪੀਆਂ ਦੇ ਸੰਵਾਦ, ਊਧਵ ਵੱਲੋਂ ਗੋਪੀਆਂ ਨੂੰ ਆਪਣਾ ਗੁਰੂ ਸਵੀਕਾਰ ਕਰਨ ਅਤੇ ਦਵਾਰਕਾ ਦੀ ਸਥਾਪਨਾ ਵਰਗੇ ਪ੍ਰਸੰਗਾਂ ਰਾਹੀਂ ਪ੍ਰਭੂ ਦੀਆਂ ਅਲੌਕਿਕ ਲੀਲਾਵਾਂ ਦਾ ਵਰਣਨ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਭਗਵਾਨ ਕ੍ਰਿਸ਼ਨ ਨੇ ਆਪਣੀ ਮੁਰਲੀ ਦੀ ਮਿੱਠੀ ਤਾਨ ਨਾਲ ਗੋਪੀਆਂ ਨੂੰ ਸੱਦਾ ਦਿੱਤਾ ਤਾਂ ਮਹਾਰਾਸ ਦੀ ਅਦਭੁੱਤ ਲੀਲਾ ਰਚੀ ਗਈ, ਜੋ ਨਿਸ਼ਕਾਮ ਪ੍ਰੇਮ, ਸਮਰਪਣ ਅਤੇ ਪਰਮਾਤਮਾ ਨਾਲ ਜੁੜਨ ਦੀ ਸਦੀਵੀ ਪ੍ਰੇਰਨਾ ਦਿੰਦੀ ਹੈ। ਇਸ ਦੌਰਾਨ ਭਜਨ ਗਾਇਕ ਸਤੀਸ਼ ਕੁਮਾਰ ਅਤੇ ਮਨੀਸ਼ ਕੁਮਾਰ ਨੇ ਮਨਮੋਹਕ ਭਜਨਾਂ ਰਾਹੀਂ ਅਜਿਹਾ ਭਗਤੀਮਈ ਮਾਹੌਲ ਸਿਰਜਿਆ ਕਿ ਸੰਗਤ ਪ੍ਰਭੂ ਸਿਮਰਨ ਵਿੱਚ ਲੀਨ ਹੋ ਗਈ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ, ਨੰਦ ਕਿਸ਼ੋਰ ਗੁਗਨ ਫਿਰੋਜ਼ਪੁਰ, ਕੌਂਸਲਰ ਗੁਰਭਗਤ ਗਿੱਲ ਗੋਰਾ, ਅਸ਼ਵਨੀ ਗੁਪਤਾ, ਐਡਵੋਕੇਟ ਵਿਜੇ ਬਾਂਸਲ, ਸੰਜੀਵ ਨਾਰੰਗ, ਕੌਂਸਲਰ ਪਰਮਿੰਦਰ ਸਿੰਘ ਲਾਡਾ, ਕੌਂਸਲਰ ਰੋਮੀ ਚੋਪੜਾ, ਕੌਂਸਲਰ ਅਸ਼ੋਕ ਮਨਚੰਦਾ, ਹਰੀਸ਼ ਤਾਂਗਰਾ, ਸੁਖਦੇਵ ਸੁੱਖਾ, ਸਲਵਿੰਦਰ ਸਿੰਘ ਕਾਲਾ, ਓਮ ਪ੍ਰਕਾਸ਼ ਪੁਰੀ, ਗੁਲਸ਼ਨ ਸ਼ਰਮਾ, ਜੁਗਲ ਕਿਸ਼ੋਰ, ਸੁੰਦਰਮ ਸੂਦ, ਬਲਵੰਤ ਚੌਧਰੀ, ਜਨਕ ਰਾਜ ਝਾਂਬ, ਸਤਿੰਦਰ ਸੱਚਦੇਵਾ, ਗਗਨ ਸ਼ਰਮਾ, ਵਿਜੇ ਮੋਂਗਾ, ਸੋਨੂੰ ਗੁਜਰਾਲ, ਮਾਸਟਰ ਹਰਭਜਨ ਸਿੰਘ, ਤਰੁਣ ਬਿੰਦਰਾ, ਰਾਜ ਕੁਮਾਰ ਕਪੂਰ, ਰਵੀ ਸ਼ਰਮਾ, ਵਨੀਤ ਕਾਲੜਾ, ਸੁਭਾਸ਼ ਛਾਬੜਾ ਅਤੇ ਲੱਕੀ ਮੈਣੀ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।