ਭਾਰਤ ਦਾ ਸਭ ਤੋਂ ਵਧੀਆ ਪਿੰਡ ਦੇ ਐਵਾਰਡ ਜੇਤੂ ਨੂਰਪੁਰ ਸੇਠਾਂ ਦੀਆਂ ਸੜਕਾਂ ਖ਼ਸਤਾਹਾਲ ਭਾਰਤ ਦਾ ਸਭ ਤੋਂ ਵਧੀਆ ਪਿੰਡ ਦੇ ਐਵਾਰਡ ਜੇਤੂ ਨੂਰਪੁਰ ਸੇਠਾਂ ਦੀਆਂ ਸੜਕਾਂ ਦੀ ਹਾਲਤ ਤਰਸਯੋਗ
Publish Date: Mon, 17 Aug 2026 03:42 PM (IST)
Updated Date: Mon, 17 Aug 2026 03:45 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਸ ਦੇ ਸਭ ਤੋਂ ਵਧੀਆ ਪਿੰਡ ਦਾ ਐਵਾਰਡ ਹਾਸਲ ਕਰਨ ਵਾਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਡੇ ਪਿੰਡ ਨੂਰਪੁਰ ਸੇਠਾਂ ਦੀ ਫਿਰਨੀ ਅਤੇ ਬਾਹਰੀ ਸੰਪਰਕ ਸੜਕਾਂ ਨੂਰਪੁਰ ਸੇਠਾਂ-ਬਸਤੀ ਕੰਦਵਾਲਾ- ਸ੍ਰੀ ਮੁਕਤਸਰ ਸਾਹਿਬ ਰੋਡ, ਨੂਰਪੁਰ ਸੇਠਾਂ-ਫਰੀਦਕੋਟ ਰੋਡ, ਨੂਰਪੁਰ ਸੇਠਾਂ-ਝੋਕ ਹਰੀਹਰ ਅਤੇ ਨੂਰਪੁਰ ਸੇਠਾਂ-ਰੁਕਨਾ ਮੰਗਲਾ ਸੰਪਰਕ ਸੜਕਾਂ ਦੀ ਹਾਲਤ ਤਰਸਯੋਗ ਹੈ। ਜਿੱਥੇ ਪਿੰਡ ਵਾਸੀਆਂ ਵੱਲੋਂ ਆਪਣੇ ਘਰਾਂ ਅੱਗੇ ਮਨਮਰਜ਼ੀ ਨਾਲ ਸਰਕਾਰੀ ਸੜਕ ਦੀ ਭੰਨਤੋੜ ਕੀਤੀ ਜਾਂਦੀ ਰਹੀ ਹੈ ਉੱਥੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਕੋਈ ਐਕਸ਼ਨ ਲੈਣ ਦੀ ਬਜਾਏ ਗਲਤ ਢੰਗ ਨਾਲ ਸੜਕ ਪੁੱਟਣ ਵਾਲਿਆਂ ਦੀ ਪਿੱਠ ਥਾਪੜਦੇ ਦਿਸਦੇ ਹਨ। ਨੂਰਪੁਰ ਸੇਠਾਂ-ਰੁਕਨਾ ਮੰਗਲਾ ਸੰਪਰਕ ਸੜਕ ਨੇ ਛੱਪੜ ਦੇ ਪਾਣੀ ਨਾਲ ਭਰਨ ਕਰਕੇ ਨਦੀ ਦਾ ਰੂਪ ਧਾਰਨ ਕੀਤਾ ਹੋਇਆ ਹੈ। ਪਿੰਡ ਦੀ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇੱਕ ਉਪਰਾਲਾ ਕੀਤਾ ਗਿਆ ਸੀ। ਸ਼ੁਰੂਆਤੀ ਦੌਰ ’ਚ ਇਸ ਪ੍ਰਬੰਧ ਨਾਲ ਕੁਝ ਰਾਹਤ ਮਿਲੀ, ਪਰ ਹੁਣ ਦੋਵੇਂ ਛੱਪੜ ਗੰਦੇ ਪਾਣੀ ਨਾਲ ਭਰ ਚੁੱਕੇ ਹਨ। ਕਈ ਥਾਵਾਂ ’ਤੇ ਸੜਕ ਉੱਤੇ ਕਾਫ਼ੀ ਮਾਤਰਾ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸੇ ਇਲਾਕੇ ’ਚ ਇੱਕ ਵੇਸਟ ਡੰਪ ਬਣਾਇਆ ਗਿਆ ਹੈ। ਗੰਦਗੀ ਕਾਰਨ ਬਦਬੂ ਅਤੇ ਮੱਛਰਾਂ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਫੰਡ ਮਿਲਣ ’ਤੇ ਸੜਕਾਂ ਦਾ ਨਵੀਨੀਕਰਨ ਹੋਵੇਗਾ : ਐਕਸੀਅਨ ਕਾਹਲੋਂ ਜਦੋਂ ਇਨਾਂ ਸੜਕਾਂ ਸਬੰਧੀ ਐਕਸੀਅਨ ਪੰਜਾਬ ਮੰਡੀ ਬੋਰਡ ਪਰਮਪਾਲ ਸਿੰਘ ਕਾਹਲੋ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਵਿੱਚ ਲਗਭਗ ਸਾਰੀਆਂ ਸੜਕਾਂ ਦਾ ਐਸਟੀਮੇਟ ਬਣ ਚੁੱਕਿਆ ਹੈ ਤੇ ਕੰਮਾਂ ਦੇ ਟੈਂਡਰ ਵੀ ਹੋ ਗਏ ਹਨ ਪਰ ਸਰਕਾਰ ਵੱਲੋਂ ਲੋੜੀਦਾ ਬਜਟ ਹਾਲੇ ਨਾ ਮਿਲਣ ਕਾਰਨ ਇਹ ਸੜਕਾਂ ਦੀ ਰਿਪੇਅਰ ਥੋੜੀ ਦੇਰੀ ਹੋ ਗਈ ਹੈ ਫੰਡ ਮਿਲਣ ’ਤੇ ਜਲਦੀ ਹੀ ਇਸ ਸਬੰਧੀ ਕਾਰਵਾਈ ਕਰਕੇ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਹਨਾ ਆਖਿਆ ਕੇ ਸੜਕ ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਅਤੇ ਕਿਸੇ ਵੀ ਤਰਾਂ ਸੜਕ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।