- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਰਸੈਨ ਗੌਰਵ ਸੰਧਿਆ ਵਿੱਚ ਗੂੰਜਿਆ ਸਮਾਜ-ਸੇਵਾ ਅਤੇ ਫਿਰੋਜ਼ਪੁਰ ਦੇ ਵਿਕਾਸ ਦਾ ਸੰਕਲਪ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਗਵਾਨ ਸ਼੍ਰੀ ਅਗਰਸੈਨ ਮਹਾਰਾਜ ਦੀਆਂ ਸਿੱਖਿਆਵਾਂ, ਸਮਾਜਿਕ ਸਾਂਝ, ਭਾਈਚਾਰੇ ਅਤੇ ਸਮਾਜ-ਸੇਵਾ ਦੀ ਭਾਵਨਾ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਫਿਰੋਜ਼ਪੁਰ ਛਾਉਣੀ ਸਥਿਤ ਇੱਕ ਨਿੱਜੀ ਪੈਲੇਸ ਵਿੱਚ ਵਿਸ਼ਾਲ ‘ਸ਼੍ਰੀ ਅਗਰਸੈਨ ਗੌਰਵ ਸੰਧਿਆ’ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਹਰਿਆਣਾ ਦੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ ਆਨਲਾਈਨ ਮਾਧਿਅਮ ਰਾਹੀਂ ਪ੍ਰੋਗਰਾਮ ਨਾਲ ਜੁੜੇ ਅਤੇ ਸਾਰਿਆਂ ਨੂੰ ਅਗਰਸੈਨ ਜਯੰਤੀ ਦੀ ਵਧਾਈ ਦਿੱਤੀ। ਭਾਜਪਾ ਯੂਥ ਆਗੂ ਅਭਿਸ਼ੇਕ ਧਵਨ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਸ਼ਹਿਰ ਅਤੇ ਛਾਉਣੀ ਦੇ ਸੈਂਕੜੇ ਅਗਰਵਾਲ ਪਰਿਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਪ੍ਰਜਵਲਿਤ ਕਰਨ ਅਤੇ ਵੰਦਨਾ ਨਾਲ ਹੋਈ। ਭਗਵਾਨ ਸ਼੍ਰੀ ਅਗਰਸੈਨ ਮਹਾਰਾਜ ਅਤੇ ਕੁਲਦੇਵੀ ਮਾਤਾ ਲਕਸ਼ਮੀ ਦੀ ਤਸਵੀਰ ਦੇ ਸਾਹਮਣੇ ਮਹਿਮਾਨਾਂ ਨੇ ਜੋਤ ਜਗਾ ਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ। ਪ੍ਰਿੰਸੀਪਲ ਆਮਨਾ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਫਿਰੋਜ਼ਪੁਰ ਦੇ ਸਮਾਜਿਕ, ਧਾਰਮਿਕ, ਵਿਦਿਅਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਮੁੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਦਯੋਗਪਤੀ ਸਮੀਰ ਮਿੱਤਲ, ਹਰੀਸ਼ ਗੋਇਲ, ਮਧੂ ਗੋਇਲ, ਸਿੱਖਿਆ ਸ਼ਾਸਤਰੀ ਯੋਗੇਸ਼ ਬੰਸਲ, ਐੱਸ.ਐੱਮ.ਓ. ਡਾ. ਨਿਖਿਲ ਗੁਪਤਾ, ਡਾ. ਪ੍ਰਦੀਪ ਅਗਰਵਾਲ, ਪ੍ਰੋ. ਆਂਚਲ ਚਾਵਲਾ ਜੈਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਸਮੇਤ ਆਲ ਇੰਡੀਆ ਅਗਰਵਾਲ ਸੰਮੇਲਨ, ਸ਼੍ਰੀ ਸਨਾਤਨ ਧਰਮ ਸਭਾ ਅਤੇ ਸ਼ਹਿਰ ਦੀ ਸ਼੍ਰੀ ਅਗਰਵਾਲ ਮਿੱਤਰ ਮੰਡਲ ਸੁਸਾਇਟੀ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਨਮਾਨ ਦਿੱਤਾ ਗਿਆ। ਮੁੱਖ ਮਹਿਮਾਨ ਅਸੀਮ ਗੋਇਲ ਨੇ ਕਿਹਾ ਕਿ ਅਗਰਵਾਲ ਸਮਾਜ ਭਗਵਾਨ ਸ਼੍ਰੀ ਅਗਰਸੈਨ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਅਗਰਸੈਨ ਮਹਾਰਾਜ ਨੇ ਸਮਾਜਵਾਦ ਅਤੇ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਇੱਕ ਇੱਟ ਅਤੇ ਇੱਕ ਰੁਪਏ ਦੀ ਪਰੰਪਰਾ ਸਮਾਜ ਵਿੱਚ ਆਪਸੀ ਸਹਿਯੋਗ ਅਤੇ ਲੋੜਵੰਦ ਵਿਅਕਤੀ ਨੂੰ ਅੱਗੇ ਵਧਾਉਣ ਦੀ ਪ੍ਰੇਰਨਾ ਦਿੰਦੀ ਹੈ। ਪ੍ਰੋਗਰਾਮ ਦੇ ਆਯੋਜਕ ਅਤੇ ਭਾਜਪਾ ਯੂਥ ਆਗੂ ਅਭਿਸ਼ੇਕ ਧਵਨ ਨੇ ਸਾਰੇ ਮਹਿਮਾਨਾਂ ਅਤੇ ਪ੍ਰੋਗਰਾਮ ਵਿਚ ਪਹੁੰਚੇ ਅਗਰਵਾਲ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਿਰਫ਼ ਧਾਰਮਿਕ ਪ੍ਰੋਗਰਾਮ ਨਹੀਂ ਹੁੰਦੇ, ਸਗੋਂ ਸਮਾਜ ਨੂੰ ਇੱਕਜੁੱਟ ਕਰਨ ਅਤੇ ਆਪਸੀ ਪਿਆਰ ਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਜ਼ਰੀਆ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਅਗਰਸੈਨ ਮਹਾਰਾਜ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਉੱਨੀਆਂ ਹੀ ਪ੍ਰਾਸੰਗਿਕ ਹਨ ਅਤੇ ਸਾਨੂੰ ਉਨ੍ਹਾਂ ਦੇ ਦੱਸੇ ਰਸਤੇ ’ਤੇ ਚੱਲਦਿਆਂ ਲੋੜਵੰਦਾਂ ਦੀ ਮਦਦ ਅਤੇ ਸਮਾਜ ਦੇ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ। ਅਭਿਸ਼ੇਕ ਧਵਨ ਨੇ ਕਿਹਾ ਕਿ ਫਿਰੋਜ਼ਪੁਰ ਦੇ ਲੋਕਾਂ ਵਿੱਚ ਪ੍ਰਤਿਭਾ, ਮਿਹਨਤ ਅਤੇ ਸਮਰੱਥਾ ਦੀ ਕੋਈ ਕਮੀ ਨਹੀਂ ਹੈ। ਲੋੜ ਸਿਰਫ਼ ਇਨ੍ਹਾਂ ਸਮਰੱਥਾਵਾਂ ਨੂੰ ਸਹੀ ਮੰਚ ਅਤੇ ਮੌਕਾ ਦੇਣ ਦੀ ਹੈ।