ਫ਼ਿਰੋਜ਼ਪੁਰ ਸ਼ਹਿਰੀ ਦੀ ਟਿਕਟ ਲਈ ਭਾਜਪਾ ’ਚ ਮੰਥਨ ਤੇਜ਼ ਫ਼ਿਰੋਜ਼ਪੁਰ ਸ਼ਹਿਰੀ ਦੀ ਟਿਕਟ ਲਈ ਭਾਜਪਾ ’ਚ ਮੰਥਨ ਤੇਜ਼
Publish Date: Sun, 18 Oct 2026 03:35 PM (IST)
Updated Date: Sun, 18 Oct 2026 03:36 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਵਿਧਾਨ ਸਭਾ ਚੋਣਾਂ 2027 ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਭਾਜਪਾ ਟਿਕਟ ਦੇ ਦਾਅਵੇਦਾਰਾਂ ਦੇ ਨਾਂਅ ਵੀ ਚਰਚਾ ਵਿੱਚ ਆਉਣ ਲੱਗੇ ਹਨ। 2007 ਤੋਂ ਲਗਾਤਾਰ ਇਹ ਸੀਟ ਹਾਰ ਰਹੀ ਭਾਜਪਾ ਵੱਲੋਂ ਇਸ ਵਾਰ ਬੜੀ ਸੰਜੀਦਗੀ ਨਾਲ ਮੰਥਣ ਕੀਤਾ ਜਾ ਰਿਹਾ ਹੈ। ਭਾਜਪਾ ਸੂਤਰਾਂ ਅਨੁਸਾਰ ਭਾਜਪਾ ਇਸ ਵਾਰ ‘ ਹਿੰਦੂ, ਸਿੱਖ, ਮਹਿਲਾ ਜਾਂ ਨੌਜਵਾਨ’ ਚਿਹਰੇ ’ਤੇ ਵਿਚਾਰ ਕਰ ਰਹੀ ਹੈ। ਭਾਜਪਾ ਵੱਲੋ ਇਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੇਲੇ ਭਾਜਪਾ ਲਈ ਪੰਜਾਬ ਦੀਆਂ ਸੱਭ ਤੋਂ ਸੁਰੱਖਿਅਤ ਸੀਟਾਂ ਵਿੱਚੋਂ ਇਕ ਮੰਨੀਂ ਜਾਣ ਵਾਲੀ ਫਿਰੋਜ਼ਪੁਰ ਸ਼ਹਿਰੀ ਸੀਟ ਤੋਂ ਆਖਰ ਹਾਰ ਕਿਉਂ ਮਿਲ ਰਹੀ ਹੈ। ਇਸ ਹਲਕੇ ਤੋਂ ਦਾਅਵੇਦਾਰਾਂ ਵਿੱਚੋਂ ਫ਼ਿਲਹਾਲ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਸ਼ਸ਼ੀ ‘ਕਮਲ’ ਸ਼ਰਮਾ ਅਤੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਭਿਸ਼ੇਕ ਧਵਨ ਦਾ ਨਾਂਅ ਮੁੱਖ ਤੌਰ ’ਤੇ ਚਰਚਾ ਵਿੱਚ ਹੈ। ਇੰਨ੍ਹਾਂ ਤੋਂ ਇਲਾਵਾ ਕੁੱਝ ਸਥਾਨਕ ਆਗੂਆਂ ਵੱਲੋਂ ਵੀ ਪਾਰਟੀ ਵਿਚਲੇ ਆਪਣੇ ਆਪਣੇ ਸੰਪਰਕਾਂ ਦੀ ਵਰਤੋਂ ਕਰਕੇ ਜੋੜ ਤੋੜ ਕੀਤੇ ਜਾਣ ਦੀ ਖ਼ਬਰ ਹੈ ।ਸੂਤਰਾਂ ਮੁਤਾਬਿਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬੋਬੀ ਬਾਠ ਅਤੇ ਰਾਣਾ ਸੋਢੀ ਦੇ ਕਰੀਬੀ ਦੱਸੇ ਜਾਂਦੇ ਅਸ਼ੋਕ ਬਹਿਲ ਵੀ ਆਰਐਸਐਸ ਵਿਚਲੇ ਆਪਣੇ ਸੰਪਰਕਾਂ ਦੇ ‘ਸੰਪਰਕ’ ਵਿੱਚ ਦੱਸੇ ਜਾ ਰਹੇ ਹਨ। ਇਸ ਵਾਰ ਪਾਰਟੀ ਲਈ ਉਮੀਦਵਾਰ ਦੀ ਚੋਣ ਸਿਰਫ਼ ਚਿਹਰੇ ਦੀ ਨਹੀਂ, ਸਗੋਂ ਸਥਾਨਕ ਪਕੜ, ਸਮਾਜਿਕ ਸਮੀਕਰਨਾਂ ਅਤੇ ਜਿੱਤਣ ਦੀ ਸੰਭਾਵਨਾ ਦੀ ਵੀ ਪਰਖ ਹੋਵੇਗੀ। ਅੰਤਿਮ ਫ਼ੈਸਲਾ ਹਾਈਕਮਾਨ ਵੱਲੋਂ ਹੀ ਲਿਆ ਜਾਣਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਦੀ ਦਿੱਲੀ ਤੱਕ ਪਹੁੰਚ, ਪਰ ਪਿਛਲੀਆਂ ਹਾਰਾਂ ਵੀ ਚੁਣੌਤੀ ਰਾਣਾ ਗੁਰਮੀਤ ਸਿੰਘ ਸੋਢੀ ਗੁਰੂਹਰਸਹਾਏ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਲਗਾਤਰ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਨ ਸਭਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ, ਪਰ ਦੋਵੇਂ ਥਾਵਾਂ ’ਤੇ ਜਿੱਤ ਹਾਸਲ ਨਹੀਂ ਕਰ ਸਕੇ। ਪਾਰਟੀ ਹਾਈਕਮਾਨ ਦੇ ਆਗੂਆਂ ਨਾਲ ਉਨ੍ਹਾਂ ਦੀ ਨੇੜਤਾ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਸਬੰਧ ਉਨ੍ਹਾਂ ਦੇ ਹੱਕ ਵਿੱਚ ਗਿਣੇ ਜਾਂਦੇ ਹਨ। ਇਸ ਤੋਂ ਇਲਾਵਾ ਡੇਰਾ ਬਿਆਸ ਮੁਖੀ ਨਾਲ ਨੇੜਤਾ ਵੀ ਰਾਣਾ ਸੋਢੀ ਦਾ ਹੱਕ ਵਿੱਚ ਜਾਂਦੀ ਹੈ। ਪਾਰਟੀ ਹਲਕਿਆਂ ਵਿੱਚ ਇਹ ਚਰਚਾ ਵੀ ਹੈ ਕਿ ਜੇ ਉਮਰ ਜਾਂ ਹੋਰ ਕਾਰਨਾਂ ਕਰਕੇ ਉਨ੍ਹਾਂ ਦੀ ਉਮੀਦਵਾਰੀ ’ਤੇ ਸਵਾਲ ਉੱਠਿਆ ਤਾਂ ਪਰਿਵਾਰ ਵਿੱਚੋਂ ਉਨ੍ਹਾਂ ਦੇ ਲੜਕੇ ਹੀਰਾ ਸੋਢੀ ਦਾ ਨਾਂ ਵੀ ਵਿਚਾਰਿਆ ਜਾ ਸਕਦਾ ਹੈ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਸ਼ਸ਼ੀ ‘ਕਮਲ’ ਸ਼ਰਮਾ ਲਈ ਮਹਿਲਾ ਤੇ ਸਥਾਨਕ ਵਿਰਾਸਤ ਦਾ ਆਧਾਰ ਸਵ. ਕਮਲ ਸ਼ਰਮਾ ਦੀ ਪਤਨੀ ਸ਼ਸ਼ੀ ਕਮਲ ਸ਼ਰਮਾ ਵੀ ਟਿਕਟ ਦੀਆਂ ਸੰਭਾਵੀ ਦਾਅਵੇਦਾਰਾਂ ਵਿੱਚ ਗਿਣੀ ਜਾ ਰਹੀ ਹੈ। ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਸਥਾਨਕ ਸਿਆਸੀ ਵਿਰਾਸਤ ਅਤੇ ਮਹਿਲਾ ਚਿਹਰੇ ਵਜੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕਮਲ ਸ਼ਰਮਾ ਦੇ ਕਾਰਜਕਾਲ ਦੌਰਾਨ ਫ਼ਿਰੋਜ਼ਪੁਰ ਲਈ ਕੀਤੇ ਗਏ ਵਿਕਾਸ ਕਾਰਜ ਅਤੇ ਪੀਜੀਆਈ ਪ੍ਰੋਜੈਕਟ ਨੂੰ ਬਠਿੰਡਾ ਜਾਣ ਤੋਂ ਰੋਕਣਾ ਜਿਹੇ ਕੰਮਾਂ ਨੂੰ ਉਨ੍ਹਾਂ ਦੇ ਸਮਰਥਕ ਮਜ਼ਬੂਤ ਪੱਖ ਮੰਨਦੇ ਹਨ। ਨੌਜਵਾਨ ਚਿਹਰੇ ਵਜੋਂ ਅਭਿਸ਼ੇਕ ਧਵਨ ਦੀ ਦਾਅਵੇਦਾਰੀ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਭਿਸ਼ੇਕ ਧਵਨ ਵੀ ਆਪਣੀਆਂ ਸਰਗਰਮੀਆਂ ਰਾਹੀਂ ਦਾਅਵੇਦਾਰੀ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ। ਹਾਲੀਆ ਮਹੀਨਿਆਂ ਵਿੱਚ ਉਨ੍ਹਾਂ ਵੱਲੋਂ ਕਰਵਾਏ ਗਏ ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਉਨ੍ਹਾਂ ਦੇ ਸਮਰਥਕ ਜਨ-ਸੰਪਰਕ ਦਾ ਆਧਾਰ ਦੱਸਦੇ ਹਨ। ਜੇ ਪਾਰਟੀ ਨੌਜਵਾਨ ਚਿਹਰੇ ਨੂੰ ਤਰਜੀਹ ਦਿੰਦੀ ਹੈ ਤਾਂ ਉਨ੍ਹਾਂ ਦਾ ਨਾਂ ਵਿਚਾਰਿਆ ਜਾ ਸਕਦਾ ਹੈ।