ਚੇਅਰਮੈਨ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ ਦਾ ਮਾਮਲਾ ਬਿਲਕੁਲ ਝੂਠਾ
ਚੇਅਰਮੈਨ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ ਦਾ ਮਾਮਲਾ ਬਿਲਕੁਲ ਝੂਠਾ
Publish Date: Sun, 05 Apr 2026 06:15 PM (IST)
Updated Date: Sun, 05 Apr 2026 06:19 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮਾਰਕੀਟ ਕਮੇਟੀ ਦੀ ਚੇਅਰਮੈਨ ਸੁਸ਼ੀਲ ਬੱਟੀ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ ਦੇ ਮਾਮਲੇ ਨੂੰ ਲੈ ਕੇ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਵੱਡਾ ਖੁਲਾਸਾ ਚੇਅਰਮੈਨ ਦੇ ਸਾਬਕਾ ਡਰਾਈਵਰ ਵਿਨੋਦ ਕੁਮਾਰ ਵੱਲੋਂ ਕੀਤਾ ਗਿਆ ਹੈ, ਜਿਸ ਨੇ ਇਸ ਸਾਰੇ ਮਾਮਲੇ ਨੂੰ ਝੂਠਾ ਅਤੇ ਬਣਾਵਟੀ ਦੱਸਿਆ ਹੈ। ਚੇਅਰਮੈਨ ਬੱਟੀ ਦੇ ਡਰਾਈਵਰ ਰਹੇ ਵਿਨੋਦ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਇਹ ਧਮਕੀ ਦਾ ਮਾਮਲਾ ਸਿਰਫ਼ ਸਕਿਉਰਟੀ ਪ੍ਰਾਪਤ ਕਰਨ ਲਈ ਰਚਿਆ ਗਿਆ ਇਕ ਡਰਾਮਾ ਸੀ। ਉਸ ਨੇ ਕਿਹਾ ਕਿ ਜਦੋਂ ਇਹ ਸਾਰੀ ਘਟਨਾ ਹੋਈ ਉਹ ਖੁਦ ਚੇਅਰਮੈਨ ਦੇ ਕੋਲ ਮੌਜ਼ੂਦ ਸੀ ਅਤੇ ਉਸ ਨੇ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਵੇਖਿਆ। ਵਿਨੋਦ ਦੇ ਅਨੁਸਾਰ ਚੇਅਰਮੈਨ ਨੇ ਆਪਣੇ ਹੀ ਜਾਣ-ਪਛਾਣ ਵਾਲੇ ਕਿਸੇ ਵਿਅਕਤੀ ਰਾਹੀਂ ਆਪਣੇ ਮੋਬਾਇਲ ’ਤੇ ਫੇਕ ਧਮਕੀ ਭਿਜਵਾਈ ਸੀ। ਉਸ ਨੇ ਇਹ ਵੀ ਦੱਸਿਆ ਕਿ ਜਿਸ ਵਿਅਕਤੀ ਵੱਲੋਂ ਧਮਕੀ ਦਿਵਾਈ ਗਈ ਉਸਨੂੰ ਇਸ ਦੇ ਬਦਲੇ ਚੇਅਰਮੈਨ ਵੱਲੋਂ ਪੈਸੇ ਵੀ ਦਿੱਤੇ ਗਏ ਸਨ। ਵਿਨੋਦ ਨੇ ਹੋਰ ਦਾਅਵਾ ਕੀਤਾ ਕਿ ਫੱਕ ਦਾ ਕਾਰੋਬਾਰ ਵੀ ਚੇਅਰਮੈਨ ਸੁਸ਼ੀਲ ਬੱਟੀ ਦਾ ਹੀ ਹੈ ਅਤੇ ਉਹ ਹੀ ਚੇਅਰਮੈਨ ਦੇ ਪੈਸੇ ਲੈ ਦੇ ਕੇ ਆਉਂਦਾ ਸੀ। ਵਿਨੋਦ ਕੁਮਾਰ ਨੇ ਸਾਗਰ ਸਚਦੇਵਾ ਬਾਰੇ ਦੱਸਿਆ ਕਿ ਚੇਅਰਮੈਨ ਨੇ ਹੀ ਸਾਗਰ ਸੱਚਦੇਵਾ ਆੜਤੀਆ ਹੋਣ ਕਰਕੇ ਇਸ ਕੰਮ ਵਿਚ ਮੱਦਦ ਕਰਨ ਲਈ ਕਿਹਾ ਸੀ ਅਤੇ ਸਾਗਰ ਸਚਦੇਵਾ ਵੱਲੋਂ ਦੋ ਤਿੰਨ ਵਾਰ ਉਸ ਦੇ ਸਾਹਮਣੇ ਸੁਸ਼ੀਲ ਬੱਟੀ ਨੂੰ ਪੈਸੇ ਦਿੱਤੇ ਗਏ ਅਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਵੀ ਕਾਲੇ ਲਿਫਾਫੇ ਵਿਚ ਸਾਗਰ ਸਚਦੇਵਾ ਵੱਲੋਂ ਚੇਅਰਮੈਨ ਨੂੰ ਪੈਸੇ ਦਿੱਤੇ ਗਏ ਅਤੇ ਇਸ ਤੋਂ ਇਲਾਵਾ, 20 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਵੀ ਦਿੱਤੇ ਗਏ, ਜਿਸ ਵਿੱਚੋਂ ਪੰਜ ਹਜ਼ਾਰ ਉਸ ਨੇ ਰੱਖੇ, ਪੰਜ ਹਜ਼ਾਰ ਗੱਬਰ ਨੂੰ ਦਿੱਤੇ ਅਤੇ 5000 ਰੁਪਏ ਸਤਨਾਮ ਕਚੂਰਾ ਨੂੰ ਦਿੱਤੇ ਅਤੇ ਉਸ ਵੇਲੇ ਸਤਨਾਮ ਕਚੂਰਾ ਪੈਸੇ ਲੈਣ ਤੋਂ ਆਨਾਕਾਨੀ ਕਰਦੇ ਹੋਏ ਫਕ ਵਿੱਚੋਂ ਤੀਜਾ ਹਿੱਸਾ ਲੈਣ ਦੀ ਗੱਲ ਕਹਿੰਦਾ ਸੀ ਅਤੇ ਬਾਕੀ ਪੰਜ ਹਜ਼ਾਰ ਚੇਅਰਮੈਨ ਨੂੰ ਦੇ ਦਿੱਤੇ ਗਏ। ਇਹ ਸਾਰੇ ਦਾਅਵੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਜਦੋਂ ਇਸ ਸਬੰਧ ਵਿਚ ਮਾਰਕੀਟ ਕਮੇਟੀ ਦੀ ਚੇਅਰਮੈਨ ਸੁਸ਼ੀਲ ਬੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ । ਚੇਅਰਮੈਨ ਨੇ ਕਿਹਾ ਕਿ ਵਿਨੋਦ ਮੇਰਾ ਡਰਾਈਵਰ ਸੀ ਅਤੇ ਉਸ ਦੀਆਂ ਗਲਤੀਆਂ ਕਰਕੇ ਉਸ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਕਤ ਸਾਰੇ ਮੇਰੇ ਤੇ ਦੋਸ਼ ਲਗਾਉਣ ਵਾਲਿਆਂ ਵੱਲੋਂ ਵਿਨੋਦ ਨੂੰ ਕੋਈ ਲਾਲਚ ਦੇ ਕੇ ਵਿਨੋਦ ਦੇ ਜਰੀਏ ਮੇਰੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਵਾਂਗੀ ਅਤੇ ਜਦੋਂ ਮੈਨੂੰ ਪਾਕਿਸਤਾਨ ਤੋਂ ਮੋਬਾਇਲ ਤੇ ਧਮਕੀ ਆਈ ਸੀ ਤਾਂ ਮੇਰੇ ਸਟਾਫ ਦੇ ਮੁਲਾਜ਼ਮ ਵੀ ਮੇਰੇ ਕੋਲ ਸਨ। ਜਦੋਂ ਇਸ ਸਬੰਧ ਵਿਚ ਸਤਨਾਮ ਕਚੂਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ ਤੇ ਉਸ ਨੇ ਹੀ ਸਭ ਤੋਂ ਪਹਿਲਾਂ ਮਜ਼ਦੂਰਾਂ ਨਾਲ ਹੋਈ ਠੱਗੀ ਦੀ ਪੋਲ ਖੋਲ੍ਹੀ ਸੀ ਅਤੇ ਇਹ ਮਾਮਲਾ ਚੇਅਰਮੈਨ ਕੋਲ ਪਹੁੰਚਾਇਆ ਸੀ। ਜਿਸ ਕਰਕੇ ਮੈਨੂੰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਸ਼ੀਲ ਬੱਟੀ ਨੂੰ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਢੋਆ ਢੋਆਈ ਦਾ ਠੇਕਾ ਚਲਾ ਰਹੇ ਬਾਬਾ ਜਸਵੰਤ ਸਿੰਘ ਜੱਸਾ ਅੱਜ ਸੋਮਵਾਰ ਨੂੰ ਚੇਅਰਮੈਨ ਅਤੇ ਉਸਦੇ ਸਾਥੀਆਂ ਇਨ੍ਹਾਂ ਮਾਮਲਿਆ ਵਿਚ ਡੇਰਾ ਭਜਨਗੜ੍ਹ ਗੋਲੂ ਕਾ ਮੌੜ ਵਿਖੇ ਪੁੱਜ ਕੇ ਸੌਂਹ ਨਿਆ ਦੇਣ ਦੀ ਗੱਲ ਆਖੀ ਹੈ, ਜਿਸ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਸ਼ੀਲ ਬੱਟੀ ਨੇ ਵੀ ਚੈਲੇਂਜ ਕਬੂਲਦਿਆ ਹੋਇਆ ਡੇਰਾ ਭਜਨਗੜ੍ਹ ਵਿਖੇ ਪੁੱਜ ਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੇਣ ਦੀ ਗੱਲ ਆਖੀ ਹੈ।