ਨਕਲੀ ਸਾਬਣ, ਤੇਲ,ਦੇਸੀ ਘਿੳ ,ਚਾਹ ਪੱਤੀ , ਕਰਿਆਣਾ ,ਕਾਸਮੈਟਿਕ ਅਤੇ ਮਨਿਆਰੀ ਦਾ ਕਾਰੋਬਾਰ

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹੇ ਅੰਦਰ ਨਕਲੀ ਸਾਬਣ, ਤੇਲ, ਦੇਸੀ ਘਿਓ, ਚਾਹ-ਪੱਤੀ, ਕਰਿਆਣਾ, ਕਾਸਮੈਟਿਕ ਤੇ ਮਨਿਆਰੀ ਦਾ ਸਾਮਾਨ ਧੜੱਲੇ ਨਾਲ ਵਿੱਕ ਰਿਹਾ ਹੈ, ਜਦਕਿ ਇਸ ਸੱਭ ’ਤੇ ਨਿਗ੍ਹਾ ਰੱਖਣ ਵਾਲਾ ਮਹਿਕਮਾ ਚੈਣ ਦੀ ਨੀਂਦ ਸੌਂ ਰਿਹਾ ਹੈ। ਆਲਮ ਇਹ ਹੈ ਕਿ ਜਿੰਨ੍ਹੀ ਦੇਰ ਕਿਸੇ ਸਬੰਧਤ ਬ੍ਰਾਂਡ ਦੀ ਕੰਪਨੀ ਦਾ ਨੁੰਮਾਇੰਦਾ ਖੁੱਦ ਆ ਕੇ ਕਿਸੇ ਖਾਸ ਦੁਕਾਨ ’ਤੇ ਵਿਕ ਰਹੇ ਸਾਮਾਨ ਸਬੰਧੀ ਜਾਣਕਾਰੀ ਨਾ ਦੇਵੇ, ਉਨੀਂ ਦੇਰ ਉਹ ਸਾਮਾਨ ਧੜੱਲੇ ਨਾਲ ਵਿੱਕਦਾ ਹੀ ਰਹਿੰਦਾ ਹੈ। ਇਥੇ ਹੈਰਾਨੀ ਭਰਿਆ ਪਹਿਲੂ ਇਹ ਹੈ ਕਿ ਚੰਡੀਗੜ੍ਹ ਜਾਂ ਮੋਹਾਲੀ ਬੈਠੇ ਕੰਪਨੀਆਂ ਦੇ ਏਜੈਂਟਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸੈਂਕੜੈ ਕਿਲੋਮੀਟਰ ਦੂਰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਹੜੇ ਬਾਜ਼ਾਰ ਜਾਂ ਮੁਹੱਲੇ ਜਾਂ ਪਿੰਡ ਵਿਚ ਨਕਲੀ ਸਾਮਾਨ ਵਿੱਕ ਰਿਹਾ ਹੈ ਪਰ ਨਾ ਤਾਂ ਸਬੰਧਤ ਫੂਡ ਇੰਸਪੈਕਟਰ ਜਾਂ ਪੁਲਿਸ ਜਾਂ ਕਿਸੇ ਹੋਰ ਸਬੰਧਤ ਮਹਿਕਮੇ ਨੂੰ ਪਤਾ ਨਹੀਂ ਹੁੰਦਾ ਜਾਂ ਉਹ ਕਿਸੇ ਖਾਸ ਮਕਸਦ ਲਈ ਅੱਖਾਂ ਬੰਦ ਕਰ ਲੈਂਦੇ ਹਨ। ਇਸੇ ਤਰਾਂ ਦਾ ਇਕ ਮਾਮਲਾ ਬੀਤੇ ਸ਼ਨੀਚਰਵਾਰ ਜ਼ਿਲ੍ਹੇ ਦੇ ਕਸਬਾ ਮੱਲਾਂਵਾਲਾ ਵਿਖੇ ਸਾਹਮਣੇ ਆਇਆ ਜਿਥੇ ਮਕਬੂਲ ਬ੍ਰਾਂਡ ਰੈਕੇਟ ਬੈਨਕਿਸਰ ਕੰਪਨੀ ਦਾ ਨਕਲੀ ਡਿਟੋਲ ਸਾਬਣ ਤਿਆਰ ਕਰਕੇ ਅੱਗੇ ਸਪਲਾਈ ਕਰਨ ਵਾਲੇ ਇਕ ਦੁਕਾਨਦਾਰ ਦੇ ਖਿਲਾਫ ਥਾਣਾ ਮੱਲਾਂਵਾਲਾ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੱਲਾਂਵਾਲਾ ਦੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸ਼ਿਕਾਇਤਕਰਤਾ ਸੰਨੀ ਅਹੂਜਾ ਪੁੱਤਰ ਅਸ਼ੋਕ ਕੁਮਾਰ ਵਾਸੀ 889 ਗੁਰੂਹਰ ਫਗਵਾੜਾ ਸਿਟੀ ਕਪੂਰਥਲਾ ਨੇ ਦੱਸਿਆ ਕਿ ਉਹ ‘ਸਪੀਡ ਐਂਡ ਸਰਚ ਪ੍ਰਾਈਵੇਟ ਲਿਮਟਿਡ’ ਕੰਪਨੀ ਸੈਕਟਰ 34-ਏ ਵਿੱਚ ਕੰਮ ਕਰਦਾ ਹੈ। ਉਸ ਨੂੰ ਸੂਚਨਾ ਮਿਲੀ ਸੀ ਕਿ ਮੱਲਾਂਵਾਲਾ ਵਿੱਚ ਇੱਕ ਦੁਕਾਨਦਾਰ ਹਨੀ ਕਟਾਰੀਆ ਪੁੱਤਰ ਸੁਰੇਸ਼ ਕਟਾਰੀਆ ਵਾਸੀ ਕਾਮਲ ਵਾਲਾ ਚੌਕ ਮੱਲਾਂਵਾਲਾ ਉਨ੍ਹਾਂ ਦੀ ਕੰਪਨੀ ‘ਰੈਕੇਟ ਬੈਨਕਿਸਰ’ ਦਾ ਡਿਟੋਲ ਸਾਬਣ ਨਕਲੀ ਤਿਆਰ ਕਰਕੇ ਉਸ ਨੂੰ ਅੱਗੇ ਸਪਲਾਈ ਕਰਦਾ ਹੈ।ਮਾਮਲੇ ਦੀ ਜਾਂਚ ਕਰ ਰਹੇ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।