ਵੇਦਿਕ ਮੰਤਰਾਂ ਦੀ ਗੂੰਜ ’ਚ ਸ਼੍ਰੀਮਦ ਭਾਗਵਤ ਮਹਾਂਪੁਰਾਣ ਕਥਾ ਦਾ ਆਗਾਜ਼ ਵੇਦਿਕ ਮੰਤਰਾਂ ਦੀ ਗੂੰਜ ਵਿਚ ਸ਼੍ਰੀਮਦ ਭਾਗਵਤ ਮਹਾਂਪੁਰਾਣ ਕਥਾ ਦਾ ਸ਼ੁਭ ਆਗਾਜ਼, ਭਗਤੀ ਰਸ ਵਿਚ ਸਰਾਬੋਰ ਹੋਈ ਸੰਗਤ
Publish Date: Fri, 24 Jul 2026 03:01 PM (IST)
Updated Date: Fri, 24 Jul 2026 03:04 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਿੱਧ ਸਮਾਧੀ ਸੁਆਮੀ ਸ੍ਰੀ ਸ਼ੰਕਰਾਪੁਰੀ ਜੀ ਮਹਾਰਾਜ ਵਿਖੇ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਕਮਲਪੁਰੀ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਮੇਲਾ ਵਿਆਸ ਪੂਜਾ ਅਤੇ ਸ਼੍ਰੀਮਦ ਭਾਗਵਤ ਮਹਾਂਪੁਰਾਣ ਕਥਾ ਦਾ ਸ਼ੁਭ ਆਰੰਭ ਬੜੀ ਸ਼ਰਧਾ, ਧਾਰਮਿਕ ਉਤਸ਼ਾਹ ਅਤੇ ਵੇਦਿਕ ਰੀਤ-ਰਿਵਾਜਾਂ ਨਾਲ ਹੋਇਆ। ਇਸ ਮੌਕੇ ਸੁਆਮੀ ਕਮਲਪੁਰੀ ਜੀ ਮਹਾਰਾਜ ਨੇ ਵੇਦਿਕ ਮੰਤਰੋਚਾਰ ਦੇ ਦਰਮਿਆਨ ਧਾਰਮਿਕ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ, ਜਦਕਿ ਪੰਡਿਤ ਸੰਦੀਪ ਪ੍ਰਭਾਕਰ ਵੱਲੋਂ ਵਿਧੀਵਤ ਪੂਜਾ-ਅਰਚਨਾ ਸੰਪੰਨ ਕਰਵਾਈ ਗਈ। ਇਸ ਉਪਰੰਤ ਭਾਗਵਤ ਆਚਾਰਿਆ ਅਸ਼ਵਨੀ ਸ਼ਾਸਤਰੀ ਨੇ ਸ਼੍ਰੀਮਦ ਭਾਗਵਤ ਮਹਾਂਪੁਰਾਣ ਕਥਾ ਦੇ ਪਹਿਲੇ ਦਿਨ ਆਪਣੇ ਓਜਸਵੀ ਅਤੇ ਗਿਆਨਮਈ ਪ੍ਰਵਚਨਾਂ ਰਾਹੀਂ ਸੰਗਤ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕੇਵਲ ਇੱਕ ਧਾਰਮਿਕ ਗ੍ਰੰਥ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸੱਚ, ਸੇਵਾ, ਭਗਤੀ ਅਤੇ ਆਤਮਿਕ ਉੱਚਾਈ ਵੱਲ ਲੈ ਜਾਣ ਵਾਲਾ ਦਿਵਿਆ ਮਾਰਗਦਰਸ਼ਕ ਹੈ। ਉਨ੍ਹਾਂ ਦੱਸਿਆ ਕਿ ਮਹਾਭਾਰਤ ਮਨੁੱਖੀ ਜੀਵਨ ਦੀਆਂ ਸੱਚਾਈਆਂ, ਧਰਮ ਅਤੇ ਕਰਤੱਵ ਦਾ ਮਹਾਨ ਗ੍ਰੰਥ ਹੈ, ਜਿਸ ਦਾ ਹਰ ਪ੍ਰਸੰਗ ਮਨੁੱਖ ਨੂੰ ਜੀਵਨ ਜਿਉਣ ਦੀ ਸਹੀ ਦਿਸ਼ਾ ਦਿੰਦਾ ਹੈ। ਅਸ਼ਵਨੀ ਸ਼ਾਸਤਰੀ ਨੇ ਪਰੀਕਸ਼ਿਤ ਪ੍ਰਸੰਗ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਕਿਹਾ ਕਿ ਰਾਜਾ ਪਰੀਕਸ਼ਿਤ ਨੇ ਲੋਕ-ਕਲਿਆਣ ਨੂੰ ਸਰਵੋਪਰੀ ਰੱਖਦਿਆਂ ਆਪਣੀਆਂ ਨਿੱਜੀ ਇੱਛਾਵਾਂ ਦਾ ਤਿਆਗ ਕੀਤਾ ਅਤੇ ਸ਼੍ਰੀਮਦ ਭਾਗਵਤ ਕਥਾ ਸੁਣ ਕੇ ਮੌਤ ਦੇ ਡਰ ’ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਭਾਗਵਤ ਕਥਾ ਮਨੁੱਖ ਦੇ ਅੰਦਰੋਂ ਡਰ, ਮੋਹ ਅਤੇ ਅਗਿਆਨਤਾ ਨੂੰ ਦੂਰ ਕਰਕੇ ਨਿਰਭੈਤਾ, ਆਤਮਿਕ ਸ਼ਾਂਤੀ ਅਤੇ ਪਰਮਾਤਮਾ ਪ੍ਰਤੀ ਅਟੁੱਟ ਪ੍ਰੇਮ ਦੀ ਜੋਤ ਜਗਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੀਮਦ ਭਾਗਵਤ ਪਰਮਾਤਮਾ ਦਾ ਸ਼ਾਬਦਿਕ ਸਰੂਪ, ਵੇਦਾਂ ਅਤੇ ਉਪਨਿਸ਼ਦਾਂ ਦਾ ਨਿਚੋੜ ਅਤੇ ਪਰਮਹੰਸਾਂ ਦੀ ਸੰਹਿਤਾ ਹੈ। ਇਸ ਕਥਾ ਨੂੰ ਸੁਣਨ ਨਾਲ ਮਨੁੱਖ ਦੇ ਹਿਰਦੇ ਨੂੰ ਪਵਿੱਤਰ ਕਰਕੇ ਮੁਕਤੀ ਦਾ ਮਾਰਗ ਪ੍ਰਸ਼ਸਤ ਹੁੰਦਾ ਹੈ, ਪ੍ਰਵਚਨਾਂ ਉਪਰੰਤ ਅਸ਼ਵਨੀ ਸ਼ਾਸਤਰੀ ਨੇ ਭਗਤੀਮਈ ਸੁਰੀਲੇ ਭਜਨਾਂ ਨਾਲ ਸਮੁੱਚੇ ਵਾਤਾਵਰਨ ਨੂੰ ਹਰਿ-ਨਾਮ ਦੇ ਰੰਗ ਵਿੱਚ ਰੰਗ ਦਿੱਤਾ। ਅੰਤ ਵਿੱਚ ਆਰਤੀ ਉਪਰੰਤ ਸਮੂਹ ਸੰਗਤ ਵਿੱਚ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਸੁਆਮੀ ਲਾਲ ਬਾਬਾ, ਸੁਆਮੀ ਕ੍ਰਿਸ਼ਨਪੁਰੀ, ਕੁਲਦੀਪ ਸ਼ਰਮਾ ਕੋਟਕਪੂਰਾ,ਸੇਵਾਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ, ਜਣਕ ਰਾਜ ਗੌਤਮ, ਪੰਡਿਤ ਜਗਦੀਸ਼ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਪਿਆਰਾ ਸਿੰਘ ਢਿੱਲੋ, ਸੰਦੀਪ ਗੋਇਲ, ਦੀਪਾ ਕੰਡਾ,ਸੇਵਾ ਮੁਕਤ ਤਹਿਸੀਲਦਾਰ ਪੁਰਸੋ਼ਤਮ ਸ਼ਰਮਾ, ਸੁਖਦੇਵ ਬਿੱਟੂ ਵਿੱਜ, ਰਾਜ ਜੀ ਦਾਸ, ਸੁਰਿੰਦਰ ਕੁਮਾਰ, ਦਲਜੀਤ ਰਾਏ ਕਾਲੀਆ, ਸੁਰਿੰਦਰ ਕੁਮਾਰ, ਜਨਕ ਰਾਜ ਝਾਂਭ,ਸੁਭਾਸ਼ ਗੁਪਤਾ, ਰਜਿੰਦਰ ਪੀ ਏ, ਤਰਸੇਮ ਗਰੋਵਰ, ਨੀਲਕੰਠ ਸ਼ਰਮਾ, ਸੁਮਨ ਗੌਤਮ, ਰਮਾ ਸ਼ਰਮਾ ਆਦਿ ਹਾਜਰ ਸਨ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ।