ਤਲਵੰਡੀ ਭਾਈ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ 16ਵੀਂ ਛੱਠ ਪੂਜਾ ਤਲਵੰਡੀ ਭਾਈ ਦੇ ਵਾਰਡ ਨੰਬਰ 13 ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ 16ਵੀਂ ਛੱਠ ਪੂਜਾ
Publish Date: Mon, 16 Nov 2026 04:32 PM (IST)
Updated Date: Mon, 16 Nov 2026 04:33 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਤਲਵੰਡੀ ਭਾਈ ਦੇ ਵਾਰਡ ਨੰਬਰ 13 ਵਿਖੇ ਏਕਤਾ ਕਲੱਬ ਕਮੇਟੀ ਵੱਲੋਂ 16ਵੀਂ ਸਾਲਾਨਾ ਛੱਠ ਪੂਜਾ ਬੜੀ ਸ਼ਰਧਾ, ਭਗਤੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਪਵਿੱਤਰ ਮੌਕੇ ’ਤੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਬਹੁਤ ਹੀ ਸੁੰਦਰ ਅਤੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਛੱਠ ਮਈਆ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਾਰਡ ਦੇ ਕੌਂਸਲਰ ਐੱਮ.ਸੀ. ਵਿਜੇ ਕੁਮਾਰ ਕੈਂਥ, ਸੰਜੀਵ ਕੁਮਾਰ ਪ੍ਰਿੰਟਾ, ਬਲਵਿੰਦਰ ਸਿੰਘ ਸੰਧੂ, ਮਨਦੀਪ ਸਿੰਘ ਮੰਨੂ ਅਤੇ ਏਕਤਾ ਕਲੱਬ ਕਮੇਟੀ ਦੇ ਪ੍ਰਧਾਨ ਮੋਨੂੰ ਪਾਸਵਾਨ ਸਮੇਤ ਦੀਪਕ ਪਾਸਵਾਨ, ਸੁਨੀਲ ਸ਼ਰਮਾ, ਪ੍ਰਮੋਦ ਰਾਣਾ, ਜੈ ਕੁਮਾਰ, ਰਮੇਸ਼ ਕੁਮਾਰ, ਸੰਦੀਪ ਕੁਮਾਰ, ਸੋਨੂੰ ਕੁਮਾਰ, ਸੋਨ ਕੁਮਾਰ, ਅਭਿਸ਼ੇਕ ਕੁਮਾਰ, ਕ੍ਰਿਸ਼ਨ ਸ਼ਰਮਾ, ਟਿੰਕੂ ਬਾਂਸਲ ਅਤੇ ਲਾਡੀ ਗੱਖੜ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ। ਇਹ ਧਾਰਮਿਕ ਸਮਾਗਮ ਲਗਾਤਾਰ ਦੋ ਦਿਨ ਤੱਕ ਬੜੀ ਰੌਣਕ ਨਾਲ ਚੱਲਿਆ। ਸਮਾਗਮ ਦੇ ਪਹਿਲੇ ਦਿਨ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਸ਼ਾਮ ਸਮੇਂ ਡੁੱਬਦੇ ਸੂਰਜ ਨੂੰ ਅਰਘ ਭੇਟ ਕੀਤਾ। ਇਸ ਉਪਰੰਤ ਅਗਲੇ ਦਿਨ ਸਵੇਰੇ ਤੜਕਸਾਰ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਵਿਧੀ-ਵਿਧਾਨ ਅਨੁਸਾਰ ਛੱਠ ਪੂਜਾ ਸੰਪੂਰਨ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਅਤੇ ਪਤਵੰਤਿਆਂ ਵੱਲੋਂ ਦੱਸਿਆ ਗਿਆ ਕਿ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਸਮਰਿੱਧੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਲਈ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਸੱਚੇ ਮਨ ਅਤੇ ਸ਼ਰਧਾ ਨਾਲ ਛੱਠ ਮਈਆ ਦਾ ਵਰਤ ਰੱਖਣ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸਮਾਗਮ ਦੇ ਅੰਤ ਵਿਚ ਏਕਤਾ ਕਲੱਬ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਪਹੁੰਚੇ ਹੋਏ ਸਾਰੇ ਪਤਵੰਤੇ ਸੱਜਣਾਂ, ਸਹਿਯੋਗੀਆਂ ਅਤੇ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।