ਮਮਦੋਟ ਵਿਖੇ ਸਰੂ ਮਾਤਾ ਨਹਿਰਾਂ ਵਾਲੀ ਦੇ ਦਰਬਾਰ ’ਤੇ ਤੀਆਂ ਦਾ ਤਿਓਹਾਰ ਮਨਾਇਆ ਮਮਦੋਟ ਵਿਖੇ ਸਰੂ ਮਾਤਾ ਨਹਿਰਾਂ ਵਾਲੀ ਦੇ ਦਰਬਾਰ ’ਤੇ ਤੀਆਂ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ
Publish Date: Mon, 17 Aug 2026 04:37 PM (IST)
Updated Date: Mon, 17 Aug 2026 04:39 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਰੂ ਮਾਤਾ ਨਹਿਰਾਂ ਵਾਲੀ ਦੇ ਪਵਿੱਤਰ ਦਰਬਾਰ ਤੇ ਤੀਆਂ ਦਾ ਤਿਓਹਾਰ ਅਥਾਹ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੀਤ ਬੁਟੀਕ ਮਮਦੋਟ ਵੱਲੋਂ ਕਰਵਾਏ ਗਏ ਇਸ ਸ਼ਾਨਦਾਰ ਤੀਸਰੇ ਮੇਲੇ ਵਿਚ ਇਲਾਕੇ ਦੀਆਂ ਨੌਜਵਾਨ ਮੁਟਿਆਰਾਂ, ਛੋਟੀਆਂ ਬੱਚੀਆਂ ਅਤੇ ਬਜ਼ੁਰਗ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਇਹ ਇਕ ਸ਼ਲਾਘਾਯੋਗ ਅਤੇ ਮਹੱਤਵਪੂਰਨ ਪਹਿਲਕਦਮੀ ਸਾਬਤ ਹੋਈ। ਮੀਤ ਬੁਟੀਕ ਮਮਦੋਟ ਵੱਲੋਂ ਇਸ ਮੇਲੇ ਦਾ ਸਮੁੱਚਾ ਪ੍ਰਬੰਧ ਬਹੁਤ ਹੀ ਸੁਚੱਜੇ ਅਤੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਸੀ। ਮੇਲੇ ਦੀ ਸ਼ੁਰੂਆਤ ਤੋਂ ਹੀ ਦਰਬਾਰ ਦੇ ਵਿਹੜੇ ਵਿੱਚ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਪਹਿਨ ਕੇ ਪਹੁੰਚੀਆਂ ਮੁਟਿਆਰਾਂ ਨੇ ਅੱਡ-ਅੱਡ ਰੌਣਕਾਂ ਲਗਾਈਆਂ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀਆਂ ਬਜ਼ੁਰਗ ਔਰਤਾਂ ਨੇ ਆਪਣੀ ਹਾਜ਼ਰੀ ਨਾਲ ਮੇਲੇ ਦੀ ਸ਼ਾਨ ਨੂੰ ਹੋਰ ਵੀ ਵਧਾ ਦਿੱਤਾ ਅਤੇ ਨਵੀਂ ਪੀੜ੍ਹੀ ਨੂੰ ਆਪਣਾ ਅਸੀਰਵਾਦ ਦਿੱਤਾ। ਮੇਲੇ ਦੇ ਦੌਰਾਨ ਮੁਟਿਆਰਾਂ ਨੇ ਬਰਗਦ ਅਤੇ ਪਿੱਪਲ ਦੇ ਰੁੱਖਾਂ ਨਾਲ ਪਾਈਆਂ ਪੀਂਘਾਂ ਝੂਟ ਕੇ ਆਪਣੇ ਬਚਪਨ ਅਤੇ ਸੱਭਿਆਚਾਰਕ ਖੁਸ਼ੀਆਂ ਨੂੰ ਤਾਜ਼ਾ ਕੀਤਾ। ਇਸ ਤੋਂ ਬਾਅਦ ਗਿੱਧੇ ਦੇ ਪੜਾਅ ’ਤੇ ਢੋਲਕ ਦੀ ਥਾਪ ਅਤੇ ਬੋਲੀਆਂ ਨਾਲ ਪੂਰਾ ਮਾਹੌਲ ਗੂੰਜ ਉੱਠਿਆ। ਛੋਟੀਆਂ-ਛੋਟੀਆਂ ਬੱਚੀਆਂ ਨੇ ਵੀ ਇਸ ਤਿਓਹਾਰ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਅਮੀਰ ਪੰਜਾਬੀ ਵਿਰਾਸਤ, ਲੋਕ-ਨਾਚ ਅਤੇ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅੱਜ ਦੇ ਇਸ ਆਧੁਨਿਕ ਅਤੇ ਮੋਬਾਈਲ ਦੇ ਯੁੱਗ ਵਿੱਚ, ਜਿੱਥੇ ਪੀੜ੍ਹੀਆਂ ਆਪਣੇ ਪੁਰਾਤਨ ਵਿਰਸੇ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ, ਉੱਥੇ ਅਜਿਹੇ ਮੇਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਸੱਭਿਆਚਾਰਕ ਉਪਰਾਲੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਮੁੜ ਜਿਊਂਦਾ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਮੂਲ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।