ਟੀਈਟੀ ਲਾਜ਼ਮੀ ਕਰਨ ਦੇ ਫ਼ੈਸਲੇ ’ਤੇ ਅਧਿਆਪਕਾਂ ਨੇ ਖੋਲ੍ਹਿਆ
ਟੀਈਟੀ ਲਾਜ਼ਮੀ ਕਰਨ ਦੇ ਫ਼ੈਸਲੇ ’ਤੇ ਅਧਿਆਪਕਾਂ ਦਾ ਤਿੱਖਾ ਵਿਰੋਧ, ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ
Publish Date: Tue, 17 Feb 2026 03:35 PM (IST)
Updated Date: Tue, 17 Feb 2026 03:36 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ 7 ਫਰਵਰੀ 2026 ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਮਾਸਟਰ ਕਾਡਰ ਦੀਆਂ ਪਦਉੱਨਤੀਆਂ ਲਈ ਟੀਈਟੀ ਨੂੰ ਲਾਜ਼ਮੀ ਸ਼ਰਤ ਬਣਾਉਣ ਅਤੇ 14 ਸਤੰਬਰ 2017 ਦੇ ਉਸ ਪੱਤਰ ਨੂੰ ਰੱਦ ਕਰਨ, ਜਿਸ ਰਾਹੀਂ 2011 ਤੋਂ ਪਹਿਲਾਂ ਸੇਵਾ ਵਿਚ ਸ਼ਾਮਲ ਹੋਏ ਅਧਿਆਪਕਾਂ ਨੂੰ ਟੀਈਟੀ ਤੋਂ ਛੋਟ ਦਿੱਤੀ ਗਈ ਸੀ, ਦੇ ਖ਼ਿਲਾਫ਼ ਸੂਬੇ ਭਰ ਵਿਚ ਅਧਿਆਪਕ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਦਹਾਕਿਆਂ ਤੱਕ ਇਮਾਨਦਾਰੀ ਅਤੇ ਲਗਨ ਨਾਲ ਸੇਵਾ ਨਿਭਾਈ ਹੈ, ਉਨ੍ਹਾਂ ਦੀ ਯੋਗਤਾ ’ਤੇ ਇਸ ਤਰ੍ਹਾਂ ਸਵਾਲ ਖੜ੍ਹੇ ਕਰਨਾ ਨਾ ਸਿਰਫ਼ ਗੈਰ ਵਾਜਿਬ ਹੈ, ਸਗੋਂ ਇਹ ਉਨ੍ਹਾਂ ਦੇ ਮਨੋਬਲ ਨੂੰ ਝਟਕਾ ਦੇਣ ਵਾਲਾ ਕਦਮ ਵੀ ਹੈ। ਜਥੇਬੰਦੀਆਂ ਅਨੁਸਾਰ ਸਰਕਾਰ ਨੇ ਪਹਿਲਾਂ ਖ਼ੁਦ 14 ਸਤੰਬਰ 2017 ਦੇ ਪੱਤਰ ਰਾਹੀਂ ਟੀਈਟੀ ਤੋਂ ਛੋਟ ਦੇ ਕੇ ਇਹ ਮੰਨਿਆ ਸੀ ਕਿ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕ ਨਿਯਮਾਂ ਅਨੁਸਾਰ ਯੋਗ ਹਨ, ਪਰ ਹੁਣ ਉਸੇ ਛੋਟ ਨੂੰ ਰੱਦ ਕਰਕੇ ਨਵੀਂ ਲਾਜ਼ਮੀ ਸ਼ਰਤ ਲਗਾਉਣਾ ਆਪਣੇ ਹੀ ਫ਼ੈਸਲੇ ਤੋਂ ਮੁਕਰਣ ਦੇ ਬਰਾਬਰ ਹੈ। ਇਸ ਫ਼ੈਸਲੇ ਨਾਲ ਸੈਂਕੜਿਆਂ ਅਧਿਆਪਕਾਂ ਦੀਆਂ ਪਦਉੱਨਤੀਆਂ ਦੀਆਂ ਉਮੀਦਾਂ ’ਤੇ ਅਸਰ ਪੈ ਸਕਦਾ ਹੈ ਅਤੇ ਕਈ ਅਧਿਆਪਕ ਤਕਨੀਕੀ ਕਾਰਨਾਂ ਕਰਕੇ ਤਰੱਕੀ ਤੋਂ ਵਾਂਝੇ ਰਹਿ ਸਕਦੇ ਹਨ। ਜ਼ਿਲ੍ਹਾ ਫ਼ਿਰੋਜ਼ਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀਆਂ 15 ਅਧਿਆਪਕ ਜਥੇਬੰਦੀਆਂ ਵੱਲੋਂ ਇਸ ਮਸਲੇ ’ਤੇ ਸਾਂਝਾ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਅਧਿਆਪਕਾਂ ਨਾਲ ਹੋ ਰਹੀ ਨਾਇਨਸਾਫ਼ੀ ਦੇ ਖ਼ਿਲਾਫ਼ ਹੈ। ਸੰਘਰਸ਼ ਨੂੰ ਅੱਗੇ ਵਧਾਉਂਦਿਆਂ 22 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਨ ਦੀ ਐਲਾਨ ਕੀਤਾ ਗਿਆ ਹੈ, ਜਿਸ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਵੀ ਵੱਡੀ ਗਿਣਤੀ ਵਿਚ ਅਧਿਆਪਕਾਂ ਸ਼ਾਮਲ ਹੋਣਗੇ । ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਦੀ ਰੱਖਿਆ ਲਈ ਸੰਵਿਧਾਨਕ ਅਤੇ ਲੋਕਤੰਤਰਕ ਢੰਗ ਨਾਲ ਲੜਾਈ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਤੁਰੰਤ ਨਿਆਂ ਕੀਤਾ ਜਾਵੇ। ਇਸ ਮੌਕੇ ਬਲਰਾਮ ਸ਼ਰਮਾ, ਮਲਕੀਤ ਸਿੰਘ ਹਰਾਜ, ਸੁਖਜਿੰਦਰ ਸਿੰਘ ਖਾਨਪੁਰ, ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਸਿੱਧੂ, ਹਰਦੀਪ ਸਿੰਘ ਤੂਰ, ਜਗਸੀਰ ਸਿੰਘ ਗਿੱਲ, ਸਰਬਜੀਤ ਸਿੰਘ ਭਾਵੜਾ, ਸੁਰਿੰਦਰ ਕੰਬੋਜ਼, ਗੁਰਪ੍ਰੀਤ ਸਿੰਘ ਮੱਲੋਕੇ, ਬਲਵਿੰਦਰ ਕੌਰ ਬਹਿਲ, ਪਰਮਿੰਦਰ ਸਿੰਘ ਸੋਢੀ, ਇੰਦਰ ਸਿੰਘ ਸੰਧੂ, ਸੁਮਿਤ ਆਦਿ ਹਾਜ਼ਰ ਸਨ।