
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰ ਦੀ ਧਮਕੀ ਤੋਂ ਭੜਕੇ ਅਧਿਆਪਕ ਤੇ ਮੁਲਾਜ਼ਮ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਜਿੱਥੇ ਅੱਜ ਪੰਜਾਬ ਭਰ ਵਿਚ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਦੇ ਟਵੀਟ ਅਤੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜੀਆਂ, ਉੱਥੇ ਜ਼ਿਲ੍ਹਾ ਫ਼ਿਰੋਜ਼ਪੁਰ ਤਹਿਸੀਲ, ਜ਼ੀਰਾ ਅਤੇ ਗੁਰੂਹਰਸਹਾਏ ਵਿਚ ਵੀ ਇਸ ਸੱਦੇ ਨੂੰ ਵੱਡੇ ਪੱਧਰ ’ਤੇ ਲਾਗੂ ਕੀਤਾ ਗਿਆ ਅਤੇ ਫ਼ਿਰੋਜ਼ਪੁਰ ਦੇ ਵੱਖ ਵੱਖ ਸਕੂਲਾਂ ਵਿਚ ਵੱਡੇ ਪੱਧਰ ਤੇ ਅਧਿਆਪਕਾਂ ਅਤੇ ਮੁਲਾਜਮਾਂ ਵੱਲੋਂ ਮੁੱਖ ਮੰਤਰੀ ਦੇ ਟਵੀਟ ਅਤੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ। ਅਧਿਆਪਕ ਜਥੇਬੰਦੀਆਂ ਦੇ ਆਗੂ ਸੁਖਜਿੰਦਰ ਸਿੰਘ ਖਾਨਪੁਰ, ਮਲਕੀਤ ਸਿੰਘ ਹਰਾਜ, ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਸਿੱਧੂ, ਹਰਦੀਪ ਸਿੰਘ ਤੂਰ, ਲਖਵਿੰਦਰ ਸਿੰਘ ਸਿਮਕ, ਹਰਜੀਤ ਸਿੰਘ ਸੰਧੂ, ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ ਇਕ ਪਾਸੇ ਭਗਵੰਤ ਮਾਨ ਦੀ ਸਰਕਾਰ ਮੁਲਾਜਮਾਂ ਦੀਆਂ ਅਹਿਮ ਮੰਗਾਂ ਸਬੰਧੀ ਗੱਲਬਾਤ ਸੁਣਨ ਨੂੰ ਵੀ ਤਿਆਰ ਨਹੀਂ ਤੇ ਦੂਜੇ ਪਾਸੇ ਹੱਕ ਮੰਗਦੇ ਮੁਲਾਜਮਾਂ ਨੂੰ ਧਮਾਉਣ ਦੇ ਰਾਹ ਪਈ ਹੋਈ ਹੈ। ਹੁਣ ਜਦੋਂ 27 ਅਗਸਤ ਨੂੰ ਪੰਜਾਬ ਦੇ ਸਮੂਹ ਮੁਲਾਜਮਾਂ ਵੱਲੋਂ ਇਕ ਦਿਨ ਲਈ ਸਮੂਹਿਕ ਛੁੱਟੀ ਲਈ ਗਈ ਤਾਂ ਸਰਕਾਰ ਜਿੱਥੇ ਇਕ ਵਾਰ ਫਿਰ ਤੋਂ ਮੀਟਿੰਗ ਤੋਂ ਭੱਜ ਗਈ, ਉੱਥੇ ਹੀ ਵਿਭਾਗਾਂ ਨੂੰ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਧਮਕੀ ਭਰੀ ਚਿੱਠੀ ਵੀ ਜਾਰੀ ਕੀਤੀ ਗਈ, ਜਿਸਨੂੰ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਮੁਲਾਜ਼ਮ ਆਪਣੀਆਂ ਅਹਿਮ ਮੰਗਾਂ ਜਿਨ੍ਹਾਂ ਵਿਚ ਪੁਰਾਣੀ ਪੈਨਸ਼ਨ, ਮਹਿੰਗਾਈ ਭੱਤਾ, ਪੇਂਡੂ ਭੱਤਾ, ਏਸੀਪੀ, ਕੱਟੇ ਗਏ 37 ਭੱਤੇ, ਪੁਰਾਣੇ ਸਕੇਲ, ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿਚ ਵਾਧਾ, ਕੰਪਿਊਟਰ ਅਧਿਆਪਕਾਂ, ਐਨਐੱਸਕਿਊਐੱਫ ਸਮੇਤ ਪ੍ਰਾਇਮਰੀ ਸਿੱਖਿਆ ਵਿਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ ਆਦਿ ਨੂੰ ਲੈ ਕੇ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਸੜਕਾਂ ਤੇ ਸੰਘਰਸ਼ ਕਰਦੇ ਆ ਰਹੇ ਹਨ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਡੀਏ ਸਬੰਧੀ ਫ਼ੈਸਲਾ ਮੁਲਾਜਮਾਂ ਦੇ ਹੱਕ ਵਿਚ ਆਉਣ ਦੇ ਬਾਵਜੂਦ ਵੀ ਆਪ ਸਰਕਾਰ ਉਲਟਾ ਮੁਲਾਜ਼ਮਾਂ ਦੇ ਖਿਲਾਫ ਭੰਡੀ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਨੂੰ ਧਮਕਾਉਣ ਦੀ ਬਜਾਏ ਉਨ੍ਹਾਂ ਦੀਆਂ ਹੱਕੀ ਮੰਗਾਂ ਹੱਲ ਕਰਨੀਆਂ ਚਾਹੀਦੀਆਂ ਹਨ। ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿਚ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।