ਫ਼ਿਰੋਜ਼ਪੁਰ ਬੱਸ ਅੱਡੇ ’ਤੇ ਗੁੰਡਾਗਰਦੀ ਦਾ ਨੰਗਾ ਨਾਚ: ਛੇੜਛਾੜ ਰੋਕਣ ’ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਤੇ ਉਸ ਦੇ ਭਰਾ ਦੀ ਬੇਰਹਿਮੀ ਨਾਲ ਕੁੱਟਮਾਰ
ਜਾਣਕਾਰੀ ਦਿੰਦਿਆਂ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਜੋ ਪਹਿਲਾਂ ਪੰਜਾਬ ਰੋਡਵੇਜ਼ ’ਚ ਸੇਵਾਵਾਂ ਨਿਭਾਉਂਦਾ ਸੀ ਅਤੇ ਉਸ ਦਾ ਭਰਾ ਲਖਵੰਤ ਸਿੰਘ ਜੋ ਕਿ ਰੋਡਵੇਜ਼ ’ਚ ਬਤੌਰ ਡਰਾਈਵਰ ਤਾਇਨਾਤ ਹੈ। ਉਸ ਨੇ ਦੱਸਿਆ ਕਿ ਬੱਸ ਅੱਡੇ ’ਤੇ ਰੋਜ਼ਾਨਾ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਕੁਝ ਗੁੰਡੇ ਕਿਸਮ ਦੇ ਨੌਜਵਾਨ ਆਏ ਦਿਨ ਪਰੇਸ਼ਾਨ ਕਰਦੇ ਸਨ।
Publish Date: Thu, 24 Sep 2026 04:06 PM (IST)
Updated Date: Thu, 24 Sep 2026 04:12 PM (IST)
ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ, ਫਿਰੋਜ਼ਪੁਰ। ਫ਼ਿਰੋਜ਼ਪੁਰ ਦੇ ਬੱਸ ਅੱਡੇ ਤੋਂ ਗੁੰਡਾਗਰਦੀ ਅਤੇ ਹੁੱਲੜਬਾਜ਼ੀ ਦੀਆਂ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਸ਼ਰਾਰਤੀ ਅਨਸਰਾਂ ਵੱਲੋਂ ਸਕੂਲ-ਕਾਲਜ ਆਉਣ-ਜਾਣ ਵਾਲੀਆਂ ਵਿਦਿਆਰਥਣਾਂ ਨਾਲ ਕੀਤੀ ਜਾਂਦੀ ਛੇੜਛਾੜ ਦਾ ਵਿਰੋਧ ਕਰਨ ’ਤੇ ਪੰਜਾਬ ਰੋਡਵੇਜ਼ ਦੇ ਇਕ ਸਸਪੈਂਡਡ ਮੁਲਾਜ਼ਮ ਅਤੇ ਉਸ ਦੇ ਡਰਾਈਵਰ ਭਰਾ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਹ ਪੂਰੀ ਘਟਨਾ ਬੱਸ ਅੱਡੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਜੋ ਪਹਿਲਾਂ ਪੰਜਾਬ ਰੋਡਵੇਜ਼ ’ਚ ਸੇਵਾਵਾਂ ਨਿਭਾਉਂਦਾ ਸੀ ਅਤੇ ਉਸ ਦਾ ਭਰਾ ਲਖਵੰਤ ਸਿੰਘ ਜੋ ਕਿ ਰੋਡਵੇਜ਼ ’ਚ ਬਤੌਰ ਡਰਾਈਵਰ ਤਾਇਨਾਤ ਹੈ। ਉਸ ਨੇ ਦੱਸਿਆ ਕਿ ਬੱਸ ਅੱਡੇ ’ਤੇ ਰੋਜ਼ਾਨਾ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਕੁਝ ਗੁੰਡੇ ਕਿਸਮ ਦੇ ਨੌਜਵਾਨ ਆਏ ਦਿਨ ਪਰੇਸ਼ਾਨ ਕਰਦੇ ਸਨ।
22 ਸਤੰਬਰ ਨੂੰ ਜਦੋਂ ਉਨ੍ਹਾਂ ਨੇ ਇਹ ਹੁੱਲੜਬਾਜ਼ੀ ਅਤੇ ਛੇੜਛਾੜ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਰੰਜਿਸ਼ ਰੱਖ ਲਈ। ਇਸੇ ਕਾਰਨ ਅੱਜ 10 ਤੋਂ 12 ਅਣਪਛਾਤੇ ਨੌਜਵਾਨਾਂ ਨੇ ਬੱਸ ’ਚ ਚੜ੍ਹ ਕੇ ਉਨ੍ਹਾਂ ਦੋਵਾਂ ਭਰਾਵਾਂ ’ਤੇ ਇੱਟਾਂ-ਰੋੜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਅਚਾਨਕ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪਹਿਲਾਂ ਵੀ 112 ਨੰਬਰ ’ਤੇ ਦੋ ਵਾਰ ਕਾਲ ਕੀਤੀ ਅਤੇ ਥਾਣਾ ਸਦਰ ਵਿਖੇ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਫ਼ੌਰੀ ਕਾਰਵਾਈ ਨਹੀਂ ਕੀਤੀ ਗਈ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ।
ਹਸਪਤਾਲ ਦੇ ਡਾਕਟਰਾਂ ਮੁਤਾਬਿਕ ਸੁਖਵੰਤ ਸਿੰਘ ਅਤੇ ਲਖਵੰਤ ਸਿੰਘ ਦੀ ਮੈਡੀਕਲ ਲੀਗਲ ਰਿਪੋਰਟ (ਐਮਐੱਲਆਰ) ਕੱਟ ਦਿੱਤੀ ਗਈ ਹੈ ਅਤੇ ਐਕਸਰੇ ਵਗੈਰਾ ਦੀ ਜਾਂਚ ਤੋਂ ਬਾਅਦ ਅਗਲੇਰੀ ਸਥਿਤੀ ਸਪੱਸ਼ਟ ਹੋਵੇਗੀ। ਇਸ ਘਟਨਾ ਤੋਂ ਬਾਅਦ ਜਨਤਾ ਅਤੇ ਪੀੜਤ ਪਰਿਵਾਰ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਕੂਲਾਂ-ਕਾਲਜਾਂ ਦੀਆਂ ਬੱਚੀਆਂ ਬੱਸ ਅੱਡੇ ’ਤੇ ਸੁਰੱਖਿਅਤ ਮਹਿਸੂਸ ਕਰ ਸਕਣ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ’ਚ ਕੀ ਕਦਮ ਚੁੱਕਦਾ ਹੈ।