ਸੁਸ਼ਮਾ ਰਾਣੀ ਦੇ ਸਿਰ ਸੱਜਿਆ ਨਗਰ ਕੌਂਸਲ ਦੇ ਪ੍ਰਧਾਨ ਦਾ ਤਾਜ ਸੁਸ਼ਮਾ ਰਾਣੀ ਦੇ ਸਿਰ ਸੱਜਿਆ ਨਗਰ ਕੌਂਸਲ ਦੇ ਪ੍ਰਧਾਨ ਦਾ ਤਾਜ
Publish Date: Wed, 16 Sep 2026 06:37 PM (IST)
Updated Date: Wed, 16 Sep 2026 06:38 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਪਿਛਲੇ ਲੰਬੇ ਸਮੇਂ ਤੋਂ ਲਟਕੀ ਆ ਰਹੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨਾਲ ਮੁਕੰਮਲ ਹੋ ਗਈ। ਹਾਈਕੋਰਟ ਦੇ ਹੁਕਮਾਂ ਤਹਿਤ ਐਡਵੋਕੇਟ ਸ਼ਲਿੰਦਰ ਕਸ਼ਯਪ ਦੀ ਨਿਗਰਾਨੀ ਹੇਠ ਇਹ ਚੋਣ ਕਰਵਾਈ ਗਈ। ਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ। ਕੁੱਲ 15 ਵਾਰਡਾਂ ਵਿੱਚੋਂ 13 ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਸਨ, ਜਦਕਿ 2 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਸੀ। ਪ੍ਰਧਾਨ ਦੇ ਅਹੁਦੇ ਦੀ ਚੋਣ ਨੂੰ ਲੈ ਕੇ ਕਾਂਗਰਸ ਦੇ ਕੌਂਸਲਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤਹਿਤ ਅੱਜ ਪ੍ਰਧਾਨ ਅਤੇ ਹੋਰ ਅਹੁਦਿਆਂ ਲਈ ਚੋਣ ਕਰਵਾਈ ਗਈ। ਚੋਣ ਦੌਰਾਨ ਵਾਰਡ ਨੰਬਰ 11 ਤੋਂ ਕੌਂਸਲਰ ਸੁਸ਼ਮਾ ਰਾਣੀ ਨੂੰ ਨਗਰ ਕੌਂਸਲ ਗੁਰੂਹਰਸਹਾਏ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 3 ਤੋਂ ਕੌਂਸਲਰ ਗੁਰਮੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਮਾਸਟਰ ਸੋਨੂ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਨਗਰ ਕੌਂਸਲ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਨਾਲ ਲੰਬੇ ਸਮੇਂ ਤੋਂ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਸਥਿਤੀ ਹੁਣ ਸਪੱਸ਼ਟ ਹੋ ਗਈ ਹੈ।