ਖਹਿਰਾ ਵੱਲੋਂ ਸਰਕਾਰੀ ਰਿਹਾਇਸ਼ਾਂ ਬਾਰੇ ਚੁੱਕੇ ਸਵਾਲ ਜਾਇਜ਼ : ਬੰਗੜ ਸੁਖਪਾਲ ਸਿੰਘ ਖਹਿਰਾ ਵੱਲੋਂ ਸਰਕਾਰੀ ਰਿਹਾਇਸ਼ਾਂ ਬਾਰੇ ਚੁੱਕੇ ਸਵਾਲ ਬਿਲਕੁਲ ਜਾਇਜ਼: ਬਲਜੀਤ ਕੌਰ ਬੰਗੜ
Publish Date: Thu, 01 Oct 2026 05:24 PM (IST)
Updated Date: Fri, 02 Oct 2026 04:05 AM (IST)
ਵਿਰੋਧੀ ਧਿਰ ਦੇ ਆਗੂ ਨੂੰ ਨਿੱਜੀ ਧਮਕੀਆਂ ਦੇਣ ਦੀ ਬਜਾਏ ਸਰਕਾਰ ਤੱਥ ਸਾਹਮਣੇ ਰੱਖੇ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਕਾਂਗਰਸ ਪਾਰਟੀ ਹਲਕਾ ਦਿਹਾਤੀ ਫ਼ਿਰੋਜ਼ਪੁਰ ਦੀ ਸੀਨੀਅਰ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ ਨੇ ਭੁਲੱਥ ਤੋਂ ਮੌਜ਼ੂਦਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਪੂਰਨ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਵੱਲੋਂ ਸਰਕਾਰੀ ਰਿਹਾਇਸ਼ਾਂ ਦੀ ਅਲਾਟਮੈਂਟ ਅਤੇ ਵਰਤੋਂ ਨੂੰ ਲੈ ਕੇ ਚੁੱਕੇ ਗਏ ਸਵਾਲ ਬਿਲਕੁਲ ਜਾਇਜ਼ ਅਤੇ ਜਨਤਾ ਪ੍ਰਤੀ ਜਵਾਬਦੇਹੀ ਦਾ ਅਹਿਮ ਹਿੱਸਾ ਹਨ। ਇੱਕ ਚੁਣੇ ਹੋਏ ਜਨ ਪ੍ਰਤੀਨਿਧੀ ਵਜੋਂ ਸਰਕਾਰੀ ਜਾਇਦਾਦਾਂ ਅਤੇ ਸਹੂਲਤਾਂ ਦੀ ਨਿਯਮਾਂ ਅਨੁਸਾਰ ਵਰਤੋਂ ਬਾਰੇ ਪੁੱਛਗਿੱਛ ਕਰਨਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਬਲਜੀਤ ਕੌਰ ਬੰਗੜ ਨੇ ਸਪੱਸ਼ਟ ਕੀਤਾ ਕਿ ਖਹਿਰਾ ਵੱਲੋਂ ਉਠਾਇਆ ਗਿਆ ਮੁੱਦਾ ਕਿਸੇ ਵਿਅਕਤੀਗਤ ਮਾਮਲੇ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਪੰਜਾਬ ਸਰਕਾਰ ਦੀਆਂ ਸਰਕਾਰੀ ਰਿਹਾਇਸ਼ਾਂ ਵਿਚ ਨਿਯਮਾਂ ਤੋਂ ਉਲਟ ਰਹਿ ਰਹੇ ਲੋਕਾਂ ਦੀ ਪਾਰਦਰਸ਼ਤਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਨ੍ਹਾਂ ਸਵਾਲਾਂ ’ਤੇ ਇਤਰਾਜ਼ ਹੈ ਤਾਂ ਉਸ ਦਾ ਜਵਾਬ ਗਾਲੀ-ਗਲੋਚ ਦੀ ਬਜਾਏ ਸਰਕਾਰੀ ਦਸਤਾਵੇਜ਼ਾਂ, ਅਲਾਟਮੈਂਟ ਹੁਕਮਾਂ ਅਤੇ ਨਿਯਮਾਂ ਦਾ ਹਵਾਲਾ ਦੇ ਕੇ ਦਿੱਤਾ ਜਾਣਾ ਚਾਹੀਦਾ ਹੈ। ਬਲਜੀਤ ਕੌਰ ਬੰਗੜ ਨੇ ਗਾਇਤਰੀ ਬਿਸ਼ਨੋਈ ਵੱਲੋਂ ਵਰਤੀ ਗਈ ਭਾਸ਼ਾ ’ਤੇ ਕਰੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਕ ਸੀਨੀਅਰ ਵਿਧਾਇਕ ਲਈ ਸ਼ਰਮਨਾਕ ਤੇ ਘਟੀਆ ਇਨਸਾਨ ਵਰਗੇ ਅਪਮਾਨਜਨਕ ਸ਼ਬਦ ਵਰਤਣਾ ਅਤੇ ਜੇਲ੍ਹ ਭੇਜਣ ਦੀਆਂ ਧਮਕੀਆਂ ਦੇਣਾ ਸਿਆਸੀ ਮਰਿਆਦਾ ਦੇ ਬਿਲਕੁਲ ਖ਼ਿਲਾਫ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਤੌਰ ’ਤੇ ਅਪਮਾਨਿਤ ਕਰਨਾ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੀ ਇਕ ਸਾਜ਼ਿਸ਼ ਹੈ। ਗਾਇਤਰੀ ਬਿਸ਼ਨੋਈ ਆਪਣੇ ਬਚਾਅ ਵਿਚ ਪੱਖ ਰੱਖ ਸਕਦੀ ਹੈ, ਪਰ ਇਸ ਨਾਲ ਸਰਕਾਰੀ ਰਿਹਾਇਸ਼ ਦਾ ਮੂਲ ਮੁੱਦਾ ਖ਼ਤਮ ਨਹੀਂ ਹੁੰਦਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਤੁਰੰਤ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਕਤ ਰਿਹਾਇਸ਼ ਕਿਸ ਦੇ ਨਾਮ ’ਤੇ ਅਲਾਟ ਸੀ ਅਤੇ ਕਿਸ ਨਿਯਮ ਤਹਿਤ ਹੋਰਨਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਹੁਣ ਗੱਲ ਖਹਿਰਾ ਸਾਹਿਬ ’ਤੇ ਕਾਰਵਾਈ ਦੀ ਨਹੀਂ, ਬਲਕਿ ਸਰਕਾਰੀ ਵਿਵਸਥਾ ਬਾਰੇ ਉੱਠੇ ਸਵਾਲਾਂ ਦੇ ਤੱਥ ਸਾਹਮਣੇ ਰੱਖਣ ਦੀ ਹੈ। ਖਹਿਰਾ ਸਾਹਿਬ ਨੇ ਜਨਤਾ ਦੇ ਪੈਸੇ ਦੀ ਰਾਖੀ ਲਈ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਬੰਗੜ ਨੇ ਅੰਤ ਵਿਚ ਕਿਹਾ ਕਿ ਧਮਕੀਆਂ ਦੀ ਭਾਸ਼ਾ ਪੰਜਾਬ ਦੇ ਲੋਕਤੰਤਰ ਅਤੇ ਸਿਆਸੀ ਸੁਭਾਅ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦੀ।