23 ਨੂੰ ਜ਼ੀਰਾ ਪੁੱਜਣਗੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ : ਹੀਰੋ ਵਪਾਰੀਆਂ ਦੇ ਮਸਲੇ ਸੁਣਨ ਲਈ 23 ਨਵੰਬਰ ਨੂੰ ਜ਼ੀਰਾ ਪੁੱਜਣਗੇ ਸੁਖਬੀਰ ਬਾਦਲ, ਹੀਰੋ ਨੇ ਕਾਰੋਬਾਰੀ ਵਰਗ ਨੂੰ
Publish Date: Fri, 20 Nov 2026 05:23 PM (IST)
Updated Date: Sat, 21 Nov 2026 04:01 AM (IST)
ਕਾਰੋਬਾਰੀ ਵਰਗ ਨੂੰ ਇਕਜੁੱਟ ਹੋ ਕੇ ਪਹੁੰਚਣ ਦਾ ਦਿੱਤਾ ਸੱਦਾ ਜ਼ੀਰਾ ’ਚ ਵੱਖ-ਵੱਖ ਵਪਾਰਕ ਨੁਮਾਇੰਦਿਆਂ ਨਾਲ ਕਰਨਗੇ ਵਿਚਾਰ-ਵਟਾਂਦਰਾ ਕਾਰੋਬਾਰੀਆਂ ਦੀਆਂ ਮੰਗਾਂ ਨੂੰ ਮਿਲੇਗੀ ਤਰਜੀਹ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜੀਰਾ : ਪੰਜਾਬ ਦੇ ਵਪਾਰਕ ਵਰਗ ਦੀਆਂ ਮੁਸ਼ਕਲਾਂ,ਮੰਗਾਂ ਅਤੇ ਹੱਕਾਂ ਨੂੰ ਸਿਆਸੀ ਮੰਚ ’ਤੇ ਬੁਲੰਦ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ 23 ਨਵੰਬਰ ਨੂੰ ਜ਼ੀਰਾ ਵਿਖੇ ਵਿਸ਼ੇਸ਼ ਮੀਟਿੰਗਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਜ਼ੀਰਾ ਪਹੁੰਚ ਕੇ ਵੱਖ-ਵੱਖ ਕਾਰੋਬਾਰੀ ਵਰਗਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਤੇ ਮੰਗਾਂ ਬਾਰੇ ਸਿੱਧੇ ਤੌਰ ’ਤੇ ਜਾਣਕਾਰੀ ਹਾਸਲ ਕਰਨਗੇ।ਇਸ ਦੌਰੇ ਨੂੰ ਲੈ ਕੇ ਅਕਾਲੀ ਆਗੂਆਂ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਵਪਾਰੀ ਵਰਗ ਕਿਸੇ ਵੀ ਸੂਬੇ ਦੀ ਆਰਥਿਕਤਾ ਦੀ ਮਜ਼ਬੂਤ ਨੀਂਹ ਹੁੰਦਾ ਹੈ।ਦੁਕਾਨਦਾਰਾਂ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਤੱਕ ਹਰ ਵਰਗ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਪਰ ਮੌਜੂਦਾ ਸਮੇਂ ਦੌਰਾਨ ਕਾਰੋਬਾਰੀਆਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਉਨ੍ਹਾਂ ਦੇ ਵਿਚਕਾਰ ਜਾਣਾ ਅਤੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ ਬੇਹੱਦ ਜ਼ਰੂਰੀ ਹੈ।ਹੀਰੋ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਜ਼ੀਰਾ ਦੌਰਾ ਵਪਾਰੀ ਵਰਗ ਨਾਲ ਸਿੱਧਾ ਸੰਵਾਦ ਸਥਾਪਤ ਕਰਨ ਦਾ ਅਹਿਮ ਉਪਰਾਲਾ ਹੈ। ਇਸ ਦੌਰਾਨ ਕਾਰੋਬਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਪਾਰਟੀ ਪ੍ਰਧਾਨ ਦੇ ਸਾਹਮਣੇ ਰੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਪਾਰੀਆਂ ਦੇ ਸਨਮਾਨ, ਸੁਰੱਖਿਆ ਅਤੇ ਬਿਹਤਰ ਕਾਰੋਬਾਰੀ ਮਾਹੌਲ ਨੂੰ ਮਹੱਤਵਪੂਰਨ ਮੰਨਦਾ ਹੈ।ਉਨ੍ਹਾਂ ਜ਼ੀਰਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਅਤੇ ਕਸਬਿਆਂ ਦੇ ਸਮੂਹ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ 23 ਨਵੰਬਰ ਨੂੰ ਹੋਣ ਵਾਲੀਆਂ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਆਪਣੇ ਕਾਰੋਬਾਰ ਨਾਲ ਸਬੰਧਤ ਮਸਲਿਆਂ ਨੂੰ ਖੁੱਲ੍ਹ ਕੇ ਸਾਹਮਣੇ ਰੱਖਣ।