ਅੱਜ ਵਪਾਰੀਆਂ ਦੀਆਂ ਮੁਸ਼ਕਲਾਂ ਜਾਣਨ ਲਈ ਜ਼ੀਰਾ ਪੁੱਜਣਗੇ ਸੁਖਬੀਰ ਬਾਦਲ ਵਪਾਰਕ ਵਰਗ ਦੀਆਂ ਮੁਸ਼ਕਲਾਂ ਜਾਣਨ ਲਈ ਜ਼ੀਰਾ ਪੁੱਜਣਗੇ ਸੁਖਬੀਰ ਬਾਦਲ, ਹੀਰੋ ਵੱਲੋਂ ਸ਼ਮੂਲੀਅਤ ਦੀ ਅਪੀਲ
Publish Date: Sun, 22 Nov 2026 06:26 PM (IST)
Updated Date: Mon, 23 Nov 2026 04:07 AM (IST)
ਕ੍ਰਿਸਟਲ ਵਿਲਾ ਵਿਖੇ ਵਪਾਰੀਆਂ ਤੇ ਸਨਅਤਕਾਰਾਂ ਨਾਲ ਕਰਨਗੇ ਸਿੱਧਾ ਸੰਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਪੰਜਾਬ ਦੇ ਵਪਾਰਕ ਅਤੇ ਸਨਅਤੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਦੀ ਨਬਜ਼ ਟੋਹਣ ਅਤੇ ਕਾਰੋਬਾਰੀ ਵਰਗ ਦੀ ਆਵਾਜ਼ ਸਿੱਧੇ ਤੌਰ ’ਤੇ ਸੁਣਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 23 ਨਵੰਬਰ ਨੂੰ ਹਲਕਾ ਜ਼ੀਰਾ ਵਿਖੇ ਵਿਸ਼ੇਸ਼ ਦੌਰੇ ’ਤੇ ਪਹੁੰਚ ਰਹੇ ਹਨ। ਇਸ ਮੌਕੇ ਉਹ ਵਪਾਰੀਆਂ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਮੁਸ਼ਕਲਾਂ, ਮੰਗਾਂ ਅਤੇ ਸੁਝਾਵਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਦੱਸਿਆ ਕਿ ਇਹ ਵਿਸ਼ੇਸ਼ ਮਿਲਣੀ ਦੁਪਹਿਰ 2 ਵਜੇ ਕ੍ਰਿਸਟਲ ਵਿਲਾ, ਐੱਨ.ਐੱਚ.-54 ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ, ਜ਼ੀਰਾ (ਲਹਿਰਾ ਰੋਹੀ) ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਵਪਾਰ ਅਤੇ ਸਨਅਤ ਕਿਸੇ ਵੀ ਸੂਬੇ ਦੀ ਆਰਥਿਕ ਤਰੱਕੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੋਂ ਲੈ ਕੇ ਸੂਬੇ ਦੀ ਆਰਥਿਕਤਾ ਨੂੰ ਗਤੀ ਦੇਣ ਤੱਕ ਵਪਾਰਕ ਵਰਗ ਦੀ ਭੂਮਿਕਾ ਬੇਹੱਦ ਅਹਿਮ ਹੈ, ਪਰ ਅੱਜ ਇਹ ਵਰਗ ਅਨੇਕਾਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਜੂਝ ਰਿਹਾ ਹੈ। ਹੀਰੋ ਨੇ ਕਿਹਾ ਕਿ ਇਸ ਮਿਲਣੀ ਦਾ ਮੁੱਖ ਮਕਸਦ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਸਮਝਣਾ ਅਤੇ ਉਨ੍ਹਾਂ ਦੇ ਤਜਰਬਿਆਂ ਤੇ ਸੁਝਾਵਾਂ ਨੂੰ ਸੁਣਨਾ ਹੈ। ਉਨ੍ਹਾਂ ਅਨੁਸਾਰ ਜਦੋਂ ਕਾਰੋਬਾਰੀ ਵਰਗ ਨੂੰ ਆਪਣੀ ਗੱਲ ਸਿੱਧੇ ਪਾਰਟੀ ਦੇ ਸੂਬਾਈ ਆਗੂ ਸਾਹਮਣੇ ਰੱਖਣ ਦਾ ਮੌਕਾ ਮਿਲਦਾ ਹੈ ਤਾਂ ਸਮੱਸਿਆਵਾਂ ਦੀ ਅਸਲ ਤਸਵੀਰ ਸਾਹਮਣੇ ਆਉਂਦੀ ਹੈ। ਸ਼੍ਰੋਮਣੀ ਅਕਾਲੀ ਦਲ ਵਪਾਰੀਆਂ ਅਤੇ ਸਨਅਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਹਲਕਾ ਜ਼ੀਰਾ ਦੇ ਸਮੂਹ ਉਦਯੋਗਪਤੀਆਂ, ਦੁਕਾਨਦਾਰਾਂ, ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਮਿਲਣੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਅਤੇ ਆਪਣੀਆਂ ਸਮੱਸਿਆਵਾਂ ਤੇ ਕੀਮਤੀ ਸੁਝਾਵਾਂ ਨਾਲ ਇਸ ਸੰਵਾਦ ਨੂੰ ਸਾਰਥਕ ਬਣਾਉਣ।