- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਕੋ ਕਲੱਬ ਇੰਚਾਰਜ਼ਾਂ ਲਈ ‘ਗ੍ਰੀਨ ਸਕੂਲ ਪ੍ਰੋਗਰਾਮ’ ਤਹਿਤ ਇੱਕ ਰੋਜ਼ਾ ਟਰੇਨਿੰਗ ਵਰਕਸ਼ਾਪ ਦਾ ਸਫ਼ਲ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਮਿਡਲ, ਹਾਈ, ਸੀਨੀਅਰ ਸੈਕੰਡਰੀ, ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ 250 ਤੋਂ ਵੱਧ ਈਕੋ ਕਲੱਬ ਇੰਚਾਰਜ਼ਾਂ ਲਈ ‘ਗ੍ਰੀਨ ਸਕੂਲ ਪ੍ਰੋਗਰਾਮ’ ਸਬੰਧੀ ਇਕ ਰੋਜ਼ਾ ਟਰੇਨਿੰਗ ਵਰਕਸ਼ਾਪ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਉਤਸ਼ਾਹਪੂਰਵਕ ਢੰਗ ਨਾਲ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲਾਂ ਵਿਚ ਪਾਣੀ, ਊਰਜਾ, ਰਹਿੰਦ-ਖੂੰਹਦ ਅਤੇ ਹੋਰ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਤੇ ਸੰਭਾਲ ਲਈ ਵਿਦਿਆਰਥੀਆਂ ਨੂੰ ਗ੍ਰੀਨ ਸਕੂਲ ਆਡਿਟ ਰਾਹੀਂ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣਾ ਸੀ। ਸਮਾਗਮ ਦੀ ਸ਼ੁਰੂਆਤ ਮੌਕੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ਮੁੱਖ ਮਹਿਮਾਨ ਅਤੇ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੁਨੀਲਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਵਾਤਾਵਰਣ ਸੰਭਾਲ ਦੀ ਮੁਹਿੰਮ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਮਾਰਗਦਰਸ਼ਕ ਹੁੰਦੇ ਹਨ ਅਤੇ ਸਕੂਲ ਪੱਧਰ ਤੋਂ ਹੀ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕੀਤੀ ਜਾ ਸਕਦੀ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਣ ਸੰਭਾਲ ਕੇਵਲ ਇਕ ਵਿਸ਼ਾ ਨਹੀਂ, ਸਗੋਂ ਸਾਡੀ ਜੀਵਨ-ਸ਼ੈਲੀ ਦਾ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਕੋ ਕਲੱਬਾਂ ਨੂੰ ਸਕੂਲਾਂ ਵਿਚ ਵਾਤਾਵਰਣ ਪੱਖੀ ਗਤੀਵਿਧੀਆਂ ਦਾ ਕੇਂਦਰ ਬਣਾਉਂਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰਯੋਗਾਤਮਕ ਅਤੇ ਪ੍ਰੋਜੈਕਟ ਅਧਾਰਿਤ ਗਤੀਵਿਧੀਆਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ, ਜਲ ਸੰਭਾਲ ਪ੍ਰੋਜੈਕਟ ਲਾਗੂ ਕਰਨ ਅਤੇ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਤਕਨੀਕੀ ਸੈਸ਼ਨ ਦੌਰਾਨ ਜ਼ਿਲ੍ਹਾ ਈ.ਈ.ਪੀ. ਕੋਆਰਡੀਨੇਟਰ ਉਮੇਸ਼ ਕੁਮਾਰ (ਹੈੱਡਮਾਸਟਰ) ਦੀ ਦੇਖ-ਰੇਖ ਹੇਠ ਰਿਸੋਰਸ ਪਰਸਨਾਂ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਡਾ. ਮੋਕਸ਼ੀ, ਮੁਖੀ ਜੂਆਲੋਜੀ ਵਿਭਾਗ ਅਤੇ ਡਾ. ਰਮਣੀਕ ਕੌਰ, ਇੰਚਾਰਜ਼ ਈਕੋ ਕਲੱਬ ਵੱਲੋਂ ‘ਗ੍ਰੀਨ ਸਕੂਲ ਪ੍ਰੋਗਰਾਮ’ ਅਤੇ ਇਸ ਦੇ ਆਡਿਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰੀਨ ਸਕੂਲ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਰੋਜ਼ਾਨਾ ਕਾਰਜਪ੍ਰਣਾਲੀ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣਾ ਹੈ। ਰਿਸੋਰਸ ਪਰਸਨਾਂ ਵੱਲੋਂ ਗ੍ਰੀਨ ਸਕੂਲ ਆਡਿਟ ਦੀ ਪ੍ਰਕਿਰਿਆ ਨੂੰ ਸਰਲ ਅਤੇ ਵਿਹਾਰਕ ਢੰਗ ਨਾਲ ਸਮਝਾਉਂਦਿਆਂ ਦੱਸਿਆ ਗਿਆ ਕਿ ਆਡਿਟ ਮੁੱਖ ਤੌਰ ’ਤੇ ਛੇ ਪ੍ਰਮੁੱਖ ਖੇਤਰਾਂ ਜਲ, ਊਰਜਾ, ਰਹਿੰਦ-ਖੂੰਹਦ (ਵੇਸਟ), ਹਵਾ, ਜ਼ਮੀਨ ਅਤੇ ਭੋਜਨ ’ਤੇ ਆਧਾਰਿਤ ਹੈ। ਇਸ ਮੌਕੇ ‘ਗ੍ਰੀਨ ਸਕੂਲ ਪ੍ਰੋਗਰਾਮ ਆਡਿਟ-2025’ ਤਹਿਤ ‘ਗ੍ਰੀਨ’ ਸ਼੍ਰੇਣੀ ਵਿੱਚ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਖੂ ਅਤੇ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਇੰਦਰਪਾਲ ਸਿੰਘ ਬੀ.ਆਰ.ਸੀ., ਕਮਲ ਵਧਵਾ ਬੀ.ਆਰ.ਸੀ., ਸੰਦੀਪ ਕੁਮਾਰ ਬੀ.ਆਰ.ਸੀ., ਪ੍ਰਵੀਨ ਕੁਮਾਰ ਬੀ.ਆਰ.ਸੀ., ਅਮਿਤ ਨਾਰੰਗ ਬੀ.ਆਰ.ਸੀ. ਅਤੇ ਮਿਸ ਦਾਮਿਨੀ, ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਡੀ.ਆਰ.ਸੀ. ਅੱਪਰ ਪ੍ਰਾਇਮਰੀ ਦਿਨੇਸ਼ ਚੌਹਾਨ, ਅਕਸ਼ ਕੁਮਾਰ, ਨਵਿੰਦਰ ਸਿੰਘ ਮਨੀ ਕੰਬੋਜ਼ ਅਤੇ ਸੁਖਚੈਨ ਸਿੰਘ ਸਟੈਨੋ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।