ਫਿਰੋਜ਼ਪੁਰ-ਬਠਿੰਡਾ ਰੇਲਵੇ ਸੈਕਸ਼ਨ ’ਤੇ ਮੌਕ ਡਰਿੱਲ ਕਰਵਾਈ
ਫਿਰੋਜ਼ਪੁਰ-ਬਠਿੰਡਾ ਰੇਲਵੇ ਸੈਕਸ਼ਨ ’ਤੇ ਮੌਕ ਡਰਿੱਲ ਦਾ ਸਫਲ ਆਯੋਜਨ
Publish Date: Wed, 28 Jan 2026 04:11 PM (IST)
Updated Date: Wed, 28 Jan 2026 04:13 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੱਧੀ ਰਾਤ ਨੂੰ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵਿਚ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਅਤੇ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ ਦੀ ਅਗਵਾਈ ਹੇਠ ਇਕ ਮੌਕ ਡਰਿੱਲ ਕਰਵਾਈ ਗਈ। ਮੌਕ ਡਰਿੱਲ ਦਾ ਮਕਸਦ ਰੇਲ ਕਰਮਚਾਰੀਆਂ ਨੂੰ ਰੇਲ ਹਾਦਸੇ, ਅੱਗ ਲੱਗਣ ਜਾਂ ਹੋਰ ਆਫ਼ਤਾਂ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਨਾ ਹੈ। ਇਹ ਮੌਕ ਡਰਿੱਲ ਫਿਰੋਜ਼ਪੁਰ-ਬਠਿੰਡਾ ਰੇਲਖੰਡ ਵਿੱਚ ਗੋਲੇਵਾਲਾ ਅਤੇ ਫਰੀਦਕੋਟ ਦੇ ਵਿਚਕਾਰ ਲੈਵਲ ਕਰਾਸਿੰਗ ਗੇਟ ਨੰਬਰ 39/ਸੀ ’ਤੇ ਕਰਵਾਈ ਗਈ। ਮੌਕ ਡਰਿੱਲ ਦੇ ਤਹਿਤ ਇਕ ਟਰੇਨ ਡਾਊਨ ਬੀ.ਸੀ.ਐੱਨ. ਫਰੀਦਕੋਟ ਦੀ ਲੈਵਲ ਕਰਾਸਿੰਗ ਗੇਟ ’ਤੇ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਦੀ ਸਥਿਤੀ ਦਿਖਾਈ ਗਈ। ਇਸ ਦੌਰਾਨ ਟਰੈਕਟਰ-ਟਰਾਲੀ ਦੇ ਚਾਰ ਯਾਤਰੀਆਂ ਦੇ ਜ਼ਖਮੀ ਹੋਣ ਦਾ ਬਾਰੇ ਵਿਖਾਇਆ ਗਿਆ। ਰਾਹਤ ਕਾਰਜਾਂ ਲਈ ਫਿਰੋਜ਼ਪੁਰ ਤੋਂ ਦੋ ਐਮਰਜੈਂਸੀ ਰੇਲ ਗੱਡੀਆਂ ਚਲਾਈਆਂ ਗਈਆਂ ਅਤੇ ਐਂਬੂਲੈਂਸਾਂ ਨੂੰ ਵੀ ਤੁਰੰਤ ਮੌਕੇ ’ਤੇ ਪਹੁੰਚਾਇਆ ਗਿਆ। ਰੇਲ ਕਰਮਚਾਰੀਆਂ ਦੀ ਸੁਚੇਤਤਾ ਅਤੇ ਮੁਸਤੈਦੀ ਨੂੰ ਦੇਖਦੇ ਹੋਏ ਬਾਅਦ ਵਿਚ ਇਸ ਨੂੰ ਮੌਕ ਡਰਿੱਲ ਐਲਾਨ ਦਿੱਤਾ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਮੌਕ ਡਰਿੱਲ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੇਲ ਕਰਮਚਾਰੀ ਐਮਰਜੈਂਸੀ ਸਥਿਤੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਕੰਮ ਕਰ ਸਕਣ ਅਤੇ ਮਾਨਸਿਕ ਤੇ ਸਰੀਰਕ ਤੌਰ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ। ਇਸ ਦੌਰਾਨ ਉਨ੍ਹਾਂ ਦਾ ਮੁੱਖ ਕੰਮ ਪ੍ਰਸ਼ਾਸਨ ਨੂੰ ਸਹੀ ਸਮੇਂ ’ਤੇ ਸੂਚਿਤ ਕਰਨਾ, ਮੈਡੀਕਲ ਅਤੇ ਪੈਰਾ-ਮੈਡੀਕਲ ਟੀਮਾਂ ਨੂੰ ਬੁਲਾਉਣਾ, ਜ਼ਖਮੀਆਂ ਦੀ ਮੱਦਦ ਕਰਨਾ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਆਦਿ ਹੈ। ਇਸ ਮੌਕ ਡਰਿੱਲ ਦੌਰਾਨ ਮੁੱਖ ਚਿਕਿਤਸਾ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਬਿਜਲੀ ਇੰਜੀਨੀਅਰ/ਟੀ.ਆਰ.ਡੀ. ਜੀਤ ਰਾਮ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ/ਜੀ ਡਾ. ਅਮਰ ਸ਼ੇਖਰ ਪਰਚਾ, ਮੰਡਲ ਇੰਜੀਨੀਅਰ/ਹੈੱਡ ਕੁਆਰਟਰ ਆਕਾਸ਼ਦੀਪ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਮੌਜ਼ੂਦ ਰਹੇ ਅਤੇ ਰਾਹਤ ਤੇ ਬਚਾਅ ਕਾਰਜਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ।