ਮੋਗਾ ਤੋਂ ਅਸਾਮ ਦੇ ਮਿਰਜ਼ਾ ਰੇਲਵੇ ਸਟੇਸ਼ਨ ਤੱਕ ਪਾਰਸਲ ਮਾਲਗੱਡੀ ਦਾ ਸਫਲ ਸੰਚਾਲਨ
ਮੋਗਾ ਤੋਂ ਅਸਾਮ ਦੇ ਮਿਰਜ਼ਾ ਰੇਲਵੇ ਸਟੇਸ਼ਨ ਤੱਕ ਪਾਰਸਲ ਮਾਲਗੱਡੀ ਦਾ ਸਫਲ ਸੰਚਾਲਨ
Publish Date: Thu, 12 Nov 2026 04:54 PM (IST)
Updated Date: Thu, 12 Nov 2026 04:57 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਵਪਾਰੀਆਂ ਨੂੰ ਬਿਹਤਰ ਮਾਲ ਢੋਆ-ਢੁਆਈ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੰਡਲ ਰੇਲ ਪ੍ਰਬੰਧਕ ਸ੍ਰੀ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਮੋਗਾ (ਪੰਜਾਬ) ਤੋਂ ਮਿਰਜ਼ਾ ਰੇਲਵੇ ਸਟੇਸ਼ਨ (ਅਸਾਮ) ਤੱਕ ਇੱਕ ਇੰਡੈਂਟਿਡ ਪਾਰਸਲ-ਕਾਰਗੋ ਰੇਲਗੱਡੀ ਦਾ ਸਫਲ ਸੰਚਾਲਨ ਕੀਤਾ ਗਿਆ। ਇਸ ਰੇਲਗੱਡੀ ਰਾਹੀਂ ਨੂਡਲਜ਼, ਸਾਸ ਅਤੇ ਹੋਰ ਵੱਖ-ਵੱਖ ਪੈਕਡ ਖਾਧ ਪਦਾਰਥਾਂ ਦੀ ਢੋਆ-ਢੁਆਈ ਕੀਤੀ ਗਈ। ਇਸ ਮਾਲ ਦੀ ਆਵਾਜਾਈ ਰਾਹੀਂ ਫਿਰੋਜ਼ਪੁਰ ਰੇਲਵੇ ਮੰਡਲ ਨੂੰ 26.51 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੋਆ-ਢੁਆਈ ਦੀ ਵਿਵਸਥਾ ਵਪਾਰੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ। ਬਿਜ਼ਨੈੱਸ ਡਿਵੈਲਪਮੈਂਟ ਯੂਨਿਟ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਰਵਾਇਤੀ ਵਸਤਾਂ ਦੇ ਨਾਲ-ਨਾਲ ਨਵੀਆਂ ਕਿਸਮਾਂ ਦੇ ਸਾਮਾਨ ਦੀ ਢੋਆ-ਢੁਆਈ ਵੀ ਰੇਲ ਮਾਰਗ ਰਾਹੀਂ ਕੀਤੀ ਜਾ ਰਹੀ ਹੈ। ਇਸ ਨਾਲ ਵਪਾਰੀਆਂ ਨੂੰ ਸੁਵਿਧਾ ਮਿਲਣ ਦੇ ਨਾਲ ਰੇਲਵੇ ਦੀ ਆਮਦਨ ਵਿੱਚ ਵੀ ਵਾਧਾ ਹੋ ਰਿਹਾ ਹੈ।