10 ਕੇਂਦਰਾਂ ’ਚ 2700 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ
ਸੀਬੀਐੱਸਈ ਦੱਸਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਕੀਤੀ ਮਾਂ ਸਰਸਵਤੀ ਦੀ ਪੂਜਾ
Publish Date: Tue, 17 Feb 2026 05:41 PM (IST)
Updated Date: Tue, 17 Feb 2026 05:45 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੀਬੀਐੱਸਈ ਦੀ ਦੱਸਵੀਂ ਜਮਾਤ ਦੀ ਪ੍ਰੀਖਿਆ ਦੇ ਪਹਿਲੇ ਦਿਨ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਗਣਿਤ (ਮੈਥ) ਦੀ ਪ੍ਰੀਖਿਆ ਹੋਣ ਕਾਰਨ ਸਵੇਰ ਤੋਂ ਹੀ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਪ੍ਰੀਖਿਆ ਕੇਂਦਰਾਂ ਵਿਚ ਹਿੱਸਾ ਲਿਆ ਗਿਆ ਅਤੇ ਪੂਰੇ ਮਨੋਬਲ ਨਾਲ ਪ੍ਰੀਖਿਆ ਦਿੱਤੀ ਗਈ। ਜ਼ਿਲ੍ਹੇ ਵਿਚ ਦੱਸਵੀਂ ਦੀ ਪ੍ਰੀਖਿਆ ਲਈ 10 ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿਚ 2700 ਵਿਦਿਆਰਥੀ ਪ੍ਰੀਖਿਆ ਲਈ ਬੈਠੇ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਪ੍ਰੀਖਿਆ ਤੋਂ ਪਹਿਲਾਂ ਸਕੂਲ ਵਿਚ ਸਰਸਵਤੀ ਪੂਜਨ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਾਂ ਸਰਸਵਤੀ ਦੀ ਮੂਰਤੀ ਅੱਗੇ ਜੋਤ ਜਗਾ ਕੇ ਵਿਧੀਵਤ ਪੂਜਾ ਕੀਤੀ ਅਤੇ ਵਿਦਿਆਰਥੀਆਂ ਦੇ ਪ੍ਰੀਖਿਆ ਵਿਚ ਚੰਗੇ ਅੰਕਾਂ ਨਾਲ ਪਾਸ ਹੋਣ ਦੀ ਕਾਮਨਾ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਸਫ਼ਲਤਾ ਦੇ ਗੁਰ ਦੱਸੇ ਅਤੇ ਮਿਹਨਤ ਨਾਲ ਤਿਆਰੀ ਕਰਕੇ ਬਿਨਾਂ ਕਿਸੇ ਡਰ ਦੇ ਪੇਪਰ ਦੇਣ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦਹੀਂ-ਸ਼ੱਕਰ ਖੁਆ ਕੇ ਸ਼ੁਭਕਾਮਨਾਵਾਂ ਦਿੱਤੀਆਂ। ਡੀਸੀ ਮਾਡਲ ਸਕੂਲ ਦੇ ਵਿਦਿਆਰਥੀ ਅਕਸ਼ਿਤਾ, ਅਰਪਿਤਾ, ਲਵਿਸ਼ ਗੋਇਲ, ਕਾਸ਼ਵੀ, ਦੁਰਗੇਸ਼ ਅਤੇ ਪ੍ਰਾਂਜਲ ਨੇ ਕਿਹਾ ਕਿ ਮਨ ਵਿੱਚ ਪ੍ਰੀਖਿਆ ਨੂੰ ਲੈ ਕੇ ਜਿੰਨਾ ਡਰ ਸੀ, ਪੇਪਰ ਉਨਾ ਹੀ ਜ਼ਿਆਦਾ ਵਧੀਆ ਹੋਇਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰਸ਼ਨ ਪੱਤਰ ਪੜ੍ਹਿਆ, ਜਿਸ ਤੋਂ ਬਾਅਦ ਸਵਾਲਾਂ ਨੂੰ ਹੱਲ ਕਰਨਾ ਸ਼ੁਰੂ ਕੀਤਾ ਅਤੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਉਨ੍ਹਾਂ ਦਾ ਪੇਪਰ ਬਹੁਤ ਵਧੀਆ ਢੰਗ ਨਾਲ ਪੂਰਾ ਹੋ ਗਿਆ ਸੀ। ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆ ਕੇ ਆਪਣੇ ਅਧਿਆਪਕਾਂ ਨਾਲ ਗਣਿਤ ਦੇ ਸਵਾਲਾਂ ਦੇ ਹੱਲ ਸਾਂਝੇ ਕੀਤੇ, ਤਾਂ ਉਨ੍ਹਾਂ ਦੇ ਸਾਰੇ ਸਵਾਲ ਸਹੀ ਨਿਕਲੇ। ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਭਵਿਆ ਮੋਂਗਾ, ਦਕਸ਼, ਅਲਫਾਜ਼, ਸਮਾਇਰਾ, ਗੁਰਨੂਰ ਸਿੰਘ, ਹਰਸ਼ਿਤ ਚਾਵਲਾ ਅਤੇ ਨਿਸ਼ਾਂਤ ਨੇ ਕਿਹਾ ਕਿ ਸਕੂਲ ਵਿਚ ਅਧਿਆਪਕਾਂ ਨੇ ਜਿਸ ਬਾਰੀਕੀ ਨਾਲ ਉਨ੍ਹਾਂ ਨੂੰ ਮੈਥ ਪੜ੍ਹਾਇਆ ਸੀ ਅਤੇ ਪ੍ਰੀਖਿਆ ਤੋਂ ਪਹਿਲਾਂ ਜੋ ਟਿਪਸ ਦਿੱਤੇ ਸਨ, ਉਨ੍ਹਾਂ ਸਦਕਾ ਹੀ ਉਨ੍ਹਾਂ ਨੇ ਪ੍ਰੀਖਿਆ ਦਿੱਤੀ ਅਤੇ ਪਹਿਲਾ ਪੇਪਰ ਬਹੁਤ ਸ਼ਾਨਦਾਰ ਹੋਇਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਪਹਿਲੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰਕੇ ਟਾਪ ਕਰਨਗੇ।