ਦੂਨ ਵੈਲੀ ਦੇ ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ ਵਿਗਿਆਨਕ ਸੋਚ ਤੇ ਧਾਰਮਿਕ ਵਿਰਾਸਤ ਨਾਲ ਜੁੜੇ ਦੂਨ ਵੈਲੀ ਦੇ ਵਿਦਿਆਰਥੀ
Publish Date: Sun, 29 Nov 2026 03:27 PM (IST)
Updated Date: Sun, 29 Nov 2026 03:29 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜੀਰਾ ਦੂਨ ਵੈਲੀ ਕੈਂਬਰਿਜ ਸਕੂਲ ਵੱਲੋਂ ਵਿਦਿਆਰਥੀਆਂ ਦੇ ਗਿਆਨ, ਵਿਗਿਆਨਕ ਸੋਚ ਅਤੇ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਵਿਦਿਅਕ ਤੇ ਧਾਰਮਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਨੇ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਅਮਲੀ ਗਿਆਨ ਅਤੇ ਅਮੀਰ ਧਾਰਮਿਕ ਵਿਰਾਸਤ ਨਾਲ ਜੋੜਿਆ। ਸਾਇੰਸ ਸਿਟੀ ਵਿਖੇ ਵਿਦਿਆਰਥੀਆਂ ਨੇ ਵਿਗਿਆਨ ਦੀਆਂ ਵੱਖ-ਵੱਖ ਗਤੀਵਿਧੀਆਂ, ਨਵੀਨਤਮ ਤਕਨੀਕਾਂ ਅਤੇ ਦਿਲਚਸਪ ਪ੍ਰਦਰਸ਼ਨੀਆਂ ਰਾਹੀਂ ਵਿਗਿਆਨਕ ਤੱਥਾਂ ਨੂੰ ਨੇੜਿਓਂ ਸਮਝਿਆ। ਡੋਮ ਥੀਏਟਰ, 3ਡੀ ਲੇਜ਼ਰ ਸ਼ੋਅ ਅਤੇ ਆਧੁਨਿਕ ਵਿਗਿਆਨਕ ਪ੍ਰਦਰਸ਼ਨਾਂ ਨੇ ਬੱਚਿਆਂ ਦੀ ਖ਼ਾਸ ਦਿਲਚਸਪੀ ਜਗਾਈ। ਵਿਦਿਆਰਥੀਆਂ ਨੂੰ ਡਾਇਨਾਸੌਰਾਂ ਦੀਆਂ ਵੱਖ-ਵੱਖ ਕਿਸਮਾਂ, ਉਨ੍ਹਾਂ ਦੇ ਰਹਿਣ-ਸਹਿਣ, ਜੀਵਨ ਸ਼ੈਲੀ ਅਤੇ ਧਰਤੀ ਦੇ ਇਤਿਹਾਸ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੇ ਕਿਸ਼ਤੀ ਦੀ ਸਵਾਰੀ ਦਾ ਵੀ ਖ਼ੂਬ ਆਨੰਦ ਮਾਣਿਆ। ਇਸ ਉਪਰੰਤ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਧਾਰਮਿਕ ਵਿਰਾਸਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਡਾ. ਸੁਭਾਸ਼ ਉੱਪਲ ਨੇ ਕਿਹਾ ਕਿ ਸਕੂਲ ਦਾ ਉਦੇਸ਼ ਬੱਚਿਆਂ ਨੂੰ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਰੱਖਣਾ ਨਹੀਂ, ਸਗੋਂ ਉਨ੍ਹਾਂ ਵਿੱਚ ਵਿਗਿਆਨਕ ਸੋਚ, ਨੈਤਿਕ ਕਦਰਾਂ-ਕੀਮਤਾਂ ਅਤੇ ਆਪਣੀ ਵਿਰਾਸਤ ਪ੍ਰਤੀ ਸਤਿਕਾਰ ਪੈਦਾ ਕਰਨਾ ਹੈ। ਦੌਰੇ ਦੀ ਅਗਵਾਈ ਪ੍ਰਿੰਸੀਪਲ ਮਨੀਸ਼ ਮਿਸ਼ਰਾ, ਕੋਆਰਡੀਨੇਟਰ ਮਾਲਤੀ ਸੇਠੀ ਅਤੇ ਸੁਖਜੀਤ ਕੌਰ ਸਿੱਧੂ ਨੇ ਕੀਤੀ। ਸਕੂਲ ਪ੍ਰਬੰਧਨ ਨੇ ਸਮੂਹ ਅਧਿਆਪਕਾਂ ਅਤੇ ਸਹਾਇਕ ਸਟਾਫ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ।