ਲਿਟਲ ਫਲਾਵਰ ਕਾਨਵੈਂਟ ਸਕੂਲ ਨੇ ਨਸ਼ਿਆ ਖ਼ਿਲਾਫ਼ ਕਰਵਾਈ ਮੈਰਾਥਨ ਨਸ਼ਿਆਂ ਨੂੰ ਹਰਾਉਣ ਲਈ ਸੜਕਾਂ ’ਤੇ ਦੌੜੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ
Publish Date: Sat, 28 Nov 2026 04:57 PM (IST)
Updated Date: Sat, 28 Nov 2026 04:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੀਰਾ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਮੈਦਾਨ ਨਾਲ ਜੋੜਨ ਅਤੇ ਸਿਹਤਮੰਦ ਜੀਵਨ ਦਾ ਸੰਕਲਪ ਦ੍ਰਿੜ੍ਹ ਕਰਵਾਉਣ ਲਈ ਲਿਟਲ ਫਲਾਵਰ ਕਾਨਵੈਂਟ ਸਕੂਲ, ਜ਼ੀਰਾ ਵੱਲੋਂ ਕਰਵਾਈ ਗਈ ਵਿਸ਼ੇਸ਼ ਮੈਰਾਥਨ ਨੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਦਾ ਸ਼ਕਤੀਸ਼ਾਲੀ ਸੁਨੇਹਾ ਦਿੱਤਾ। ‘ਰਨ ਟੂਡੇ, ਲੀਡ ਟੁਮਾਰੋ’ ਅੱਜ ਦੌੜੋ, ਕੱਲ੍ਹ ਅਗਵਾਈ ਕਰੋ ਦੇ ਨਾਅਰੇ ਹੇਠ ਕਰਵਾਈ ਇਸ ਦੌੜ ਵਿੱਚ 143 ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਮਾਪਿਆਂ ਸਮੇਤ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਨਸ਼ਿਆਂ ਵਿਰੁੱਧ ਸਮਾਜਿਕ ਜਾਗਰੂਕਤਾ ਦੀ ਮਿਸਾਲ ਪੇਸ਼ ਕੀਤੀ। ਮੈਰਾਥਨ ਦਾ ਆਗਾਜ਼ ਸਵੇਰੇ 8 ਵਜੇ ਜ਼ੀਰਾ ਥਾਣੇ ਦੇ ਮੁੱਖ ਗੇਟ ਤੋਂ ਹੋਇਆ, ਜਦਕਿ ਇਸ ਦਾ ਪੜਾਅ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਸੰਪੰਨ ਹੋਇਆ। ਇਸ ਮੌਕੇ ਥਾਣਾ ਸਿਟੀ ਜ਼ੀਰਾ ਦੇ ਐੱਸਐੱਚਓ ਜਸਵਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ, ਮਾੜੀ ਸੰਗਤ ਤੋਂ ਬਚਣ ਅਤੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਮਾਰਗਦਰਸ਼ਨ ਹੇਠ ਫਾਦਰ ਬਿਬਿਨ ਸੇਬਾਸਟਿਅਨ ਅਤੇ ਫਾਦਰ ਅਖਿਲ ਜੋਸ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਫਾਦਰ ਬਿਬਿਨ ਸੇਬਾਸਟਿਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ-ਮੁਕਤ ਸਮਾਜ ਦੀ ਨੀਂਹ ਤੰਦਰੁਸਤ, ਅਨੁਸ਼ਾਸਿਤ ਅਤੇ ਜਾਗਰੂਕ ਨੌਜਵਾਨ ਪੀੜ੍ਹੀ ਹੈ।ਪ੍ਰਿੰਸੀਪਲ ਸਿਸਟਰ ਸਿੰਟਾ ਜਾਰਜ, ਸਰੀਰਕ ਸਿੱਖਿਆ ਅਧਿਆਪਕ ਤੇਜਿੰਦਰਪਾਲ ਸਿੰਘ ਅਤੇ ਗੁਰਲਾਲ ਸਿੰਘ ਨੇ ਮੈਰਾਥਨ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ੀਰਾ ਪੁਲਿਸ ਦੇ ਮੁਲਾਜ਼ਮ ਪੂਰੇ ਰਸਤੇ ਵਿਦਿਆਰਥੀਆਂ ਨਾਲ ਦੌੜਦੇ ਰਹੇ ਅਤੇ ਸੁਰੱਖਿਆ ਯਕੀਨੀ ਬਣਾਈ। ਮਾਪਿਆਂ ਨੇ ਵੀ ਬੱਚਿਆਂ ਨਾਲ ਦੌੜ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਦੌੜ ਵਿੱਚ ਪਹਿਲਾਂ ਪਹੁੰਚਣ ਵਾਲੇ 10 ਲੜਕਿਆਂ ਅਤੇ 10 ਲੜਕੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਹੋਰਨਾਂ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਮੈਰਾਥਨ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿਹਤਮੰਦ ਜੀਵਨ ਦੀ ਪ੍ਰੇਰਣਾ ਬਣ ਕੇ ਸਫ਼ਲਤਾਪੂਰਵਕ ਸੰਪੰਨ ਹੋਈ।