- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕੀ ਰਸੋਈ ਮੁਕਾਬਲਿਆਂ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਖੇਤਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ, ਲੱਖਾਂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫ਼ਿਰੋਜ਼ਪੁਰ-ਮੋਗਾ ਜੋਨ ਖੇਤਰ ਫ਼ਿਰੋਜ਼ਪੁਰ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਹੁਸ਼ਿਆਰਪੁਰ ਵਿਖੇ ਕਰਵਾਏ ਗਏ ‘ਗੁਰੂ ਕੀ ਰਸੋਈ’ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਖੇਤਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਮੁੱਚੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਗੁਰਬਾਣੀ ਕੰਠ, ਸਵਾਲ-ਜਵਾਬ ਅਤੇ ਕਵੀਸ਼ਰੀ ਵਰਗੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਦਿਆਰਥੀ ਕੌਂਸਲ ਦੀ ਇੰਚਾਰਜ ਭੈਣ ਹਰਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਵਿਸ਼ੇਸ਼ ਤਿਆਰੀ ਕਰਵਾਈ ਗਈ। 13 ਤੋਂ 19 ਸਾਲ ਉਮਰ ਵਰਗ ਵਿਚ ਬੇਟੀ ਪਲਕਪ੍ਰੀਤ ਕੌਰ ਨੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ। ਬੇਟੀ ਮਹਿਕਦੀਪ ਕੌਰ ਨੇ ਸਵਾਲ-ਜਵਾਬ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ 50 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ, ਜਦਕਿ ਬੇਟੀ ਸੁਮਨ ਨੇ ਇਸੇ ਮੁਕਾਬਲੇ ਵਿਚ ਪੰਜਵਾਂ ਸਥਾਨ ਹਾਸਲ ਕਰਕੇ 12 ਹਜ਼ਾਰ ਰੁਪਏ ਅਤੇ ਪਲਕਪ੍ਰੀਤ ਕੌਰ ਨੇ ਅੱਠਵਾਂ ਸਥਾਨ ਪ੍ਰਾਪਤ ਕਰਕੇ 6 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸੇ ਤਰ੍ਹਾਂ ਪਲਕਪ੍ਰੀਤ ਕੌਰ, ਮਹਿਕਦੀਪ ਕੌਰ ਅਤੇ ਅਰਪਨਪ੍ਰੀਤ ਕੌਰ ਦੀ ਟੀਮ ਨੇ ਕਵੀਸ਼ਰੀ ਮੁਕਾਬਲੇ ਵਿਚ ਦਸਵਾਂ ਸਥਾਨ ਹਾਸਲ ਕਰਕੇ 2 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। 5 ਤੋਂ 13 ਸਾਲ ਉਮਰ ਵਰਗ ਵਿੱਚ ਬੇਟੀ ਹਰਨੂਰ ਕੌਰ, ਨੀਲੇ ਵਾਲਾ, ਫ਼ਿਰੋਜ਼ਪੁਰ ਨੇ ਸਵਾਲ-ਜਵਾਬ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ 50 ਹਜ਼ਾਰ ਰੁਪਏ ਅਤੇ ਬੇਟੀ ਪ੍ਰਭਨੂਰ ਕੌਰ, ਸੁਰਸਿੰਘ, ਫ਼ਿਰੋਜ਼ਪੁਰ ਨੇ ਗੁਰਬਾਣੀ ਕੰਠ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ 50 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਇਲਾਵਾ ਪਿੰਡ ਦੁੱਲੇਵਾਲਾ ਦੇ ਹਰਗੁਣਵੀਰ ਸਿੰਘ ਨੇ ਲੱਕੀ ਡਰਾਅ ਵਿੱਚ ਸਕੂਟਰੀ ਜਿੱਤ ਕੇ ਖ਼ੁਸ਼ੀਆਂ ਵਿਚ ਹੋਰ ਵਾਧਾ ਕੀਤਾ। ਇਨ੍ਹਾਂ ਪ੍ਰਾਪਤੀਆਂ ਨਾਲ ਵਿਦਿਆਰਥੀਆਂ ਨੇ ਸਾਬਤ ਕੀਤਾ ਹੈ ਕਿ ਸਹੀ ਮਾਰਗਦਰਸ਼ਨ, ਲਗਨ ਅਤੇ ਨਿਰੰਤਰ ਮਿਹਨਤ ਨਾਲ ਬੱਚੇ ਹਰ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਸਕਦੇ ਹਨ। ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਸਮੂਹ ਪਰਿਵਾਰ ਵੱਲੋਂ ਭੈਣ ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਦੇ ਯਤਨ ਬੱਚਿਆਂ ਅੰਦਰ ਗੁਰਬਾਣੀ, ਸਿੱਖੀ, ਨੈਤਿਕ ਕਦਰਾਂ-ਕੀਮਤਾਂ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਸੇਵਾਦਾਰਾਂ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਜੀ ਭੈਣ ਹਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਉਨ੍ਹਾਂ ਨੂੰ ਹੋਰ ਵੱਧ ਸੇਵਾ ਕਰਨ ਦਾ ਬਲ ਬਖ਼ਸ਼ਣ, ਤਾਂ ਜੋ ਬੱਚੇ ਭਵਿੱਖ ਵਿੱਚ ਵੀ ਗੁਰਬਾਣੀ, ਸਿੱਖੀ ਅਤੇ ਨੈਤਿਕ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਮੱਲਾਂ ਮਾਰਦੇ ਰਹਿਣ। ਇਸ ਮੌਕੇ ਹਰਪ੍ਰੀਤ ਕੌਰ, ਛਿੰਦਰ ਸਿੰਘ, ਪਲਕਪ੍ਰੀਤ ਕੌਰ, ਮਹਿਕਦੀਪ ਕੌਰ, ਇੰਦਰਪਾਲ ਸਿੰਘ, ਸਰਬਜੀਤ ਸਿੰਘ, ਵੰਸ਼ਦੀਪ ਸਿੰਘ, ਸਤਵੰਤ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਸੁਖਬਾਜ ਸਿੰਘ, ਕੁਲਜੀਤ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।