ਦਾਸ ਐਂਡ ਬ੍ਰਾਊਨ ਸਕੂਲ ਨੇ ਸਵੇਰਾ ਸਕੂਲ ’ਚ ਵੰਡੀਆਂ ਖੁਸ਼ੀਆਂ ਦਾਸ ਐਂਡ ਬ੍ਰਾਊਨ ਸਕੂਲ ਦੇ ਵਿਦਿਆਰਥੀਆਂ ਨੇ ਸਵੇਰਾ ਸਕੂਲ ਵਿਚ ਵੰਡੀਆਂ ਖੁਸ਼ੀਆਂ
Publish Date: Mon, 31 Aug 2026 06:26 PM (IST)
Updated Date: Mon, 31 Aug 2026 06:28 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵੱਲੋਂ ਸਮਾਜਿਕ ਸਰੋਕਾਰਾਂ ਅਧੀਨ ਚਲਾਏ ਜਾ ਰਹੇ ਮੁਹਿੰਮ ‘ਗਿਫਟਿੰਗ ਸਮਾਈਲਜ਼-ਖੁਸ਼ੀਆਂ ਦਾ ਕਾਰਵਾਂ’ ਦੇ ਅੰਤਰਗਤ ਸਵੇਰਾ ਸਕੂਲ ਦਾ ਦੌਰਾ ਕੀਤਾ ਗਿਆ। ਸਕੂਲ ਕੌਂਸਲ ਦੇ ਮੈਂਬਰਾਂ ਨੇ ਰੋਟਰੀ ਕਲੱਬ ਫਿਰੋਜ਼ਪੁਰ ਡਾਇਮੰਡ ਦੇ ਸਹਿਯੋਗ ਨਾਲ ਦਿਵਿਆਂਗ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਯਤਨ ਕੀਤਾ। ਪ੍ਰਿੰਸੀਪਲ ਪਾਂਡੇ ਨੇ ਦੱਸਿਆ ਕਿ ਇਸ ਦੌਰਾਨ ਸਕੂਲ ਦੀ ਟੀਮ ਨੇ ਬੱਚਿਆਂ ਨੂੰ ਸਕੂਲ ਬੈਗ, ਨੋਟਬੁੱਕ, ਸਟੇਸ਼ਨਰੀ ਤੇ ਨਾਸ਼ਤੇ ਦੀ ਸਮੱਗਰੀ ਵੰਡੀ। ਬੱਚਿਆਂ ਲਈ ਇਹ ਮੁਲਾਕਾਤ ਸਿਰਫ ਤੋਹਫ਼ਿਆਂ ਤੱਕ ਸੀਮਤ ਨਹੀਂ ਰਹੀ। ਵਿਦਿਆਰਥੀਆਂ ਅਤੇ ਬੱਚਿਆਂ ਨੇ ਰਲ਼ ਕੇ ਗੀਤ ਗਾਏ, ਨੱਚੇ ਤੇ ਹੱਸੀ-ਖੁਸ਼ੀ ਨਾਲ ਸਮਾਂ ਬਿਤਾਇਆ। ਬੱਚਿਆਂ ਨੇ ਉਤਸ਼ਾਹ ਨਾਲ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲਿਆ ਤੇ ਪੂਰੇ ਵਾਤਾਵਰਣ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਪ੍ਰਿੰਸੀਪਲ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੈ। ਬੱਚਿਆਂ ਵਿਚ ਸੰਵੇਦਨਸ਼ੀਲਤਾ, ਸਮਾਨਤਾ, ਸਮਾਵੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨਾ ਵੀ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹੈ। ਇਸੇ ਸੋਚ ਅਧੀਨ ਦਾਸ ਐਂਡ ਬ੍ਰਾਊਨ ਸਕੂਲ ਵੱਲੋਂ ਸਮਾਜਿਕ ਸੰਸਥਾਵਾਂ ਨਾਲ ਰਲ਼ ਕੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਸਵੇਰਾ ਸਕੂਲ ਨਾਲ ਜੁੜ ਕੇ ਬੱਚਿਆਂ ਲਈ ਵੱਖ-ਵੱਖ ਅਰਥਪੂਰਨ ਗਤੀਵਿਧੀਆਂ ਅਤੇ ਸਹਿਯੋਗ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹੇਗਾ। ਇਸ ਪਹਿਲ ਦਾ ਉਦੇਸ਼ ਲੋੜਵੰਦ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸਮਾਵੇਸ਼ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ‘ਖੁਸ਼ੀਆਂ ਵੰਡੀਏ, ਮੁਸਕਾਨ ਫੈਲਾਈਏ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਈਏ’ ਦੇ ਸੰਦੇਸ਼ ਨਾਲ ਆਯੋਜਿਤ ਇਸ ਪਹਿਲ ਨੇ ਬੱਚਿਆਂ ਵਿਚ ਆਪਸੀ ਜੁੜਾਅ ਅਤੇ ਅਪਣਾਪਣ ਵਧਾਉਣ ਦਾ ਕੰਮ ਕੀਤਾ। ਇਸ ਮੌਕੇ ਰੋਟਰੀ ਕਲੱਬ ਡਾਇਮੰਡ ਦੇ ਪ੍ਰਧਾਨ ਨਵੀਨ ਅਰੋੜਾ, ਸਕੱਤਰ ਅਨੁਜ ਮਿੱਤਲ, ਕਮਲ ਸ਼ਰਮਾ, ਅਮੀਸ਼ਾ ਅਰੋੜਾ, ਨੀਤੀਮਾ ਗੋਇਲ, ਬੂਟਾ ਸਿੰਘ, ਰਜਨੀ ਪਾਸੀ, ਗੁਲਸ਼ਨ ਸਚਦੇਵਾ ਤੋਂ ਇਲਾਵਾ ਸਕੂਲ ਦੇ ਏਜੀਐਮ ਇਵੈਂਟਸ ਗੁਰਿੰਦਰਜੀਤ ਕੌਰ, ਏਜੀਐਮ ਐਡਮਿਨ ਸ਼ਿਖਾ ਰੱਤੜਾ ਸਮੇਤ ਹੋਰ ਹਾਜ਼ਰ ਸਨ।