- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਲ ਵਿਆਹ ਅਤੇ ਜ਼ਬਰਦਸਤੀ ਵਿਆਹ ਖ਼ਿਲਾਫ਼ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

-ਬਾਲ ਵਿਆਹ ਰੋਕਣ ਲਈ 1098 ਹੈਲਪਲਾਈਨ ਦੀ ਵਰਤੋਂ ਕਰਨ ਦਾ ਸੱਦਾ
ਫੋਟੋ ਫਾਈਲ; 27ਐਫਜੈਡਆਰ 18
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ: ਬਾਲ ਵਿਆਹ ਅਤੇ ਜ਼ਬਰਦਸਤੀ ਵਿਆਹ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ 27 ਨਵੰਬਰ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਉਂਦਿਆਂ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਵੱਲੋਂ ਪਿੰਡ ਦੁਲਚੀ ਕੇ, ਨੂਰਪੁਰ ਸੇਠਾ ਅਤੇ ਬਜੀਦਪੁਰ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੰਗਠਨ ਦੇ ਪ੍ਰਧਾਨ ਪਰਮਜੀਤ ਸਿੰਘ ਬਡੋਲਾ ਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਮਿਤ ਚੋਪੜਾ ਦੀ ਅਗਵਾਈ ਹੇਠ ਕਰਵਾਏ ਗਏ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਫਿਰੋਜ਼ਪੁਰ ਸੁਖਵਿੰਦਰ ਕੌਰ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਹੋਏ ਇਨ੍ਹਾਂ ਸੈਮੀਨਾਰਾਂ ਦੌਰਾਨ ਕਮਿਊਨਿਟੀ ਸੋਸ਼ਲ ਵਰਕਰ ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਬਾਲ ਵਿਆਹ ਦੇ ਕਾਰਨਾਂ, ਮਾੜੇ ਪ੍ਰਭਾਵਾਂ ਅਤੇ ਇਸ ਨੂੰ ਰੋਕਣ ਲਈ ਬਣੇ ਕਾਨੂੰਨੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਲ ਵਿਆਹ ਰੋਕਥਾਮ ਕਾਨੂੰਨ, 2006 ਤਹਿਤ ਵਿਆਹ ਲਈ ਲੜਕੀ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਲੜਕੇ ਦੀ 21 ਸਾਲ ਨਿਰਧਾਰਤ ਹੈ।
ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸਿੱਖਿਆ, ਸਿਹਤ, ਸੁਰੱਖਿਆ ਅਤੇ ਸਨਮਾਨ ਨਾਲ ਜੀਵਨ ਜਿਊਣ ਦਾ ਅਧਿਕਾਰ ਹੈ। ਬਚਪਨ ਵਿਆਹ ਦੀਆਂ ਜ਼ਿੰਮੇਵਾਰੀਆਂ ਦੀ ਬਜਾਏ ਪੜ੍ਹਾਈ, ਖੇਡਾਂ ਅਤੇ ਸੁਪਨੇ ਸਾਕਾਰ ਕਰਨ ਵਿੱਚ ਬਤੀਤ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਕਿਸੇ ਵੀ ਬਾਲ ਵਿਆਹ ਦੀ ਸੂਚਨਾ ਦੇਣ ਲਈ ਚਾਈਲਡ ਹੈਲਪਲਾਈਨ ਨੰਬਰ 1098 ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਸੰਤੋਖ ਸਿੰਘ, ਬਜੀਦਪੁਰ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ, ਨੂਰਪੁਰ ਸੇਠਾ ਸਕੂਲ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ, ਸਕੂਲ ਸਟਾਫ਼ ਮੈਂਬਰ ਪੰਕਜ, ਕਮਲਜੀਤ ਕੌਰ, ਪ੍ਰਭਜੀਤ ਕੌਰ, ਰੂਹੀ, ਉਪਦੇਸ਼ ਕੌਰ ਅਤੇ ਆਂਗਣਵਾੜੀ ਵਰਕਰ ਨਰਿੰਦਰ ਕੌਰ, ਪਰਮਜੀਤ ਕੌਰ ਸਮੇਤ ਪਿੰਡ ਦੀਆਂ ਔਰਤਾਂ ਮੌਜੂਦ ਸਨ। ਅੰਤ ਵਿੱਚ ਵਿਦਿਆਰਥੀਆਂ, ਸਕੂਲ ਸਟਾਫ਼ ਅਤੇ ਆਂਗਣਵਾੜੀ ਵਰਕਰਾਂ ਨੇ ਬਾਲ ਵਿਆਹ ਮੁਕਤ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਣ ਦਾ ਪ੍ਰਣ ਲਿਆ।