ਖੇਤਾਂ ਵਿੱਚ ਪਰਾਲੀ ਨੂੰ ਨਾ ਲਗਾਈ ਜਾਵੇ ਅੱਗ : ਐੱਸਡੀਐੱਮ ਖੇਤਾਂ ਵਿੱਚ ਪਰਾਲੀ ਨੂੰ ਨਾ ਲਗਾਈ ਜਾਵੇ ਅੱਗ: ਐੱਸਡੀਐੱਮ ਜ਼ੀਰਾ
Publish Date: Thu, 22 Oct 2026 03:52 PM (IST)
Updated Date: Fri, 23 Oct 2026 04:01 AM (IST)
ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਕੀਤਾ ਪ੍ਰੇਰਿਤ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਖ਼ੁਦ ਜ਼ਮੀਨੀ ਪੱਧਰ ਤੇ ਸਰਗਰਮ ਹੈ। ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਪ੍ਰਸ਼ਾਸਨ ਵੱਲੋਂ ਪਿੰਡ-ਪਿੰਡ ਜਾ ਕੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ।ਇਸੇ ਤਹਿਤ ਐੱਸਡੀਐੱਮ ਜ਼ੀਰਾ ਸੂਰਜ ਕੁਮਾਰ, ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ, ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ,ਬਲਾਕ ਖੇਤੀਬਾੜੀ ਅਫਸਰ ਗੁਰਦੀਪ ਸਿੰਘ ਵੱਲੋਂ ਹਲਕਾ ਜ਼ੀਰਾ ਦੇ ਪਿੰਡ ਮਣਕਿਆਂ ਵਾਲੀ, ਖੋਸਾ ਦਲ ਸਿੰਘ, ਮਰਖਾਈ, ਮਰੂੜ,ਮਿਹਰ ਸਿੰਘ ਵਾਲਾ ਆਦਿ ਪਿੰਡਾਂ ਦਾ ਦੌਰਾ ਕਰਕੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਬੇਲਰ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਦੀਆਂ ਗੱਠਾਂ ਬਣਾਉਣ ਜਾਂ ਆਧੁਨਿਕ ਖੇਤੀ ਸੰਦਾਂ ਰਾਹੀਂ ਇਸ ਦਾ ਸੁਚੱਜਾ ਪ੍ਰਬੰਧਨ ਕਰਨ।ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਭਿਆਨਕ ਸੜਕ ਹਾਦਸੇ ਵਿੱਚ ਹਰ ਸਾਲ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ,ਕਈ ਲੋਕ ਅਪੰਗ ਹੋ ਜਾਂਦੇ ਹਨ ਉੱਥੇ ਹੀ ਜ਼ਹਿਰੀਲੇ ਧੂੰਏਂ ਕਾਰਨ ਕਈ ਗੰਭੀਰ ਬਿਮਾਰੀਆਂ ਲੱਗਦੀਆਂ ਹਨ।ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ।ਇਸ ਮੌਕੇ ਪਟਵਾਰੀ ਲਛਮਣ ਸਿੰਘ, ਹਰਪ੍ਰੀਤ ਰੀਡਰ,ਜਗਦੀਸ਼ ਸ਼ਰਮਾ ਜ਼ੀਰਾ ਤੋਂ ਇਲਾਵਾ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਨੰਬਰਦਾਰ ਹਾਜ਼ਰ ਸਨ।