ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਪੀਲੀ ਲਾਈਨ ਤੋਂ ਪੰਜ ਫੁੱਟ ਜਗ੍ਹਾ ਦੀ ਮੰਗ ਰੇਹੜੀ ਫੜੀ ਵਾਲਿਆਂ ਵੱਲੋਂ ਪੀਲੀ ਲਾਈਨ ਤੋਂ ਪੰਜ ਫੁੱਟ ਜਗ੍ਹਾ ਦੀ ਮੰਗ, ਵਿਧਾਇਕ ਨਰੇਸ਼ ਕਟਾਰੀਆ ਤੇ ਨਗਰ ਕੌਂਸਲ ਅੱਗੇ ਰੱਖੀ ਫਰਿਆਦ
Publish Date: Sat, 12 Sep 2026 04:37 PM (IST)
Updated Date: Sun, 13 Sep 2026 04:02 AM (IST)
ਵਿਧਾਇਕ ਨਰੇਸ਼ ਕਟਾਰੀਆ ਤੇ ਨਗਰ ਕੌਂਸਲ ਅੱਗੇ ਰੱਖੀ ਫਰਿਆਦ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸ਼ਹਿਰ ਦੀਆਂ ਸੜਕਾਂ ’ਤੇ ਵਧ ਰਹੀ ਆਵਾਜਾਈ ਦੀ ਸਮੱਸਿਆ ਅਤੇ ਰੇਹੜੀ-ਫੜੀ ਵਾਲਿਆਂ ਦੀ ਰੋਜ਼ੀ-ਰੋਟੀ ਵਿਚਕਾਰ ਸੰਤੁਲਨ ਬਣਾਉਣ ਦੀ ਮੰਗ ਨੂੰ ਲੈ ਕੇ ਰੇਹੜੀ-ਫੜੀ ਯੂਨੀਅਨ ਦੇ ਨੁਮਾਇੰਦਿਆਂ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ ਅਤੇ ਵਾਈਸ ਪ੍ਰਧਾਨ ਰਾਜੀਵ ਸ਼ਰਮਾ ਭੋਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਯੂਨੀਅਨ ਆਗੂਆਂ ਨੇ ਆਪਣੀਆਂ ਮੁਸ਼ਕਲਾਂ ਰੱਖਦਿਆਂ ਪ੍ਰਸ਼ਾਸਨ ਤੋਂ ਵਿਹਾਰਕ ਹੱਲ ਦੀ ਮੰਗ ਕੀਤੀ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਟਰੈਫਿਕ ਨੂੰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਰੇਹੜੀਆਂ ਪੀਲੀ ਲਾਈਨ ਤੋਂ ਕਰੀਬ ਇੱਕ ਫੁੱਟ ਅੱਗੇ ਲਗਾਉਣ ਲਈ ਕਿਹਾ ਗਿਆ ਹੈ। ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਇੰਨੀ ਘੱਟ ਜਗ੍ਹਾ ਵਿੱਚ ਕਾਰੋਬਾਰ ਕਰਨਾ ਉਨ੍ਹਾਂ ਲਈ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਪੀਲੀ ਲਾਈਨ ਤੋਂ ਪੰਜ ਫੁੱਟ ਤੱਕ ਨਿਰਧਾਰਤ ਜਗ੍ਹਾ ਦਿੱਤੀ ਜਾਵੇ, ਤਾਂ ਜੋ ਤਿਉਹਾਰਾਂ ਦੇ ਦਿਨਾਂ ਵਿੱਚ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋਵੇ ਅਤੇ ਪਰਿਵਾਰਾਂ ਦੀ ਰੋਜ਼ੀ-ਰੋਟੀ ਚੱਲਦੀ ਰਹੇ।ਉਨ੍ਹਾਂ ਕਿ ਉਹ ਵੀ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਉਨ੍ਹਾਂ ਦੀ ਰੋਜ਼ੀ ਦਾ ਇਕਲੌਤਾ ਸਹਾਰਾ ਇਹੀ ਕਾਰੋਬਾਰ ਹੈ। ਇਸ ਲਈ ਅਜਿਹੀ ਵਿਵਸਥਾ ਬਣਾਈ ਜਾਵੇ ਜਿਸ ਨਾਲ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤ ਨਾ ਆਵੇ ਅਤੇ ਉਨ੍ਹਾਂ ਦਾ ਰੁਜ਼ਗਾਰ ਵੀ ਨਾ ਖੁੱਸੇ। ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ,ਵਾਈਸ ਪ੍ਰਧਾਨ ਰਾਜੀਵ ਸ਼ਰਮਾ ਭੋਲਾ ਨੇ ਰੇਹੜੀ ਵਾਲਿਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਦੇ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਵੀ ਧਿਆਨ ਵਿੱਚ ਰੱਖਦਿਆਂ ਮਾਮਲੇ ਦੇ ਢੁਕਵੇਂ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਸੋਨੂੰ ਬਾਬਾ, ਰਾਕੇਸ਼ ਕੁਮਾਰ, ਗੱਗੂ ਬਾਵਾ, ਗਗਨਦੀਪ ਸਿੰਘ, ਸੋਨੂੰ ਮੁਰਕੀ, ਸ਼ਿਵਾ, ਮਨੀਸ਼, ਸੰਦੀਪ ਬਾਵਾ, ਧੀਰਜ ਪੁਰੀ ਆਦਿ ਹਾਜ਼ਰ ਸਨ।