ਫਿਰੋਜ਼ਪੁਰ-ਮਖੂ ਰੂਟ ਨੰਬਰ 52504 ’ਤੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ ‘ਹਰ ਬਚਾਈ ਜਾਨ ਦੇ ਨਾਮ ਇਕ ਰੁੱਖ’ ਮੁਹਿੰਮ ਤਹਿਤ ਐੱਸਐੱਸਐੱਫ ਵੱਲੋਂ ਸੜਕ ਕਿਨਾਰੇ ਬੂਟੇ ਲਗਾਏ
Publish Date: Thu, 17 Sep 2026 03:51 PM (IST)
Updated Date: Fri, 18 Sep 2026 04:02 AM (IST)
‘ਹਰ ਬਚਾਈ ਜਾਨ ਦੇ ਨਾਮ ਇਕ ਰੁੱਖ’ ਮੁਹਿੰਮ ਤਹਿਤ ਸੜਕ ਕਿਨਾਰੇ ਲਗਾਏ ਬੂਟੇ ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਪੰਜਾਬ ਪੁਲਿਸ ਦੇ ਵਿੰਗ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਵੱਲੋਂ ਸੜਕ ਹਾਦਸਿਆਂ ਦੌਰਾਨ ਕੀਤੀਆਂ ਜਾ ਰਹੀਆਂ ਜਾਨਾਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਐੱਸ.ਐੱਸ.ਐੱਫ. ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਹਰ ਬਚਾਈ ਜਾਨ ਦੇ ਨਾਮ ਇਕ ਰੁੱਖ’ ਤਹਿਤ ਰੂਟ ਨੰਬਰ 52504 ਫਿਰੋਜ਼ਪੁਰ ਤੋਂ ਮਖੂ ’ਤੇ ਸੜਕ ਦੇ ਕਿਨਾਰਿਆਂ ’ਤੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਜਾ ਰਹੇ ਹਨ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸੜਕ ਸੁਰੱਖਿਆ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ। ਐੱਸ.ਐੱਸ.ਐੱਫ. ਵੱਲੋਂ ਦਿੱਤੇ ਜਾ ਰਹੇ ਇਸ ਸੁਨੇਹੇ ਵਿੱਚ ਇੱਕ ਪਾਸੇ ਸੜਕ ਹਾਦਸਿਆਂ ਦੌਰਾਨ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਹਰ ਬਚਾਈ ਗਈ ਜਾਨ ਦੀ ਯਾਦ ਨੂੰ ਰੁੱਖ ਲਗਾਉਣ ਨਾਲ ਜੋੜ ਕੇ ਕੁਦਰਤ ਅਤੇ ਮਨੁੱਖੀ ਜੀਵਨ ਵਿਚਕਾਰ ਸਬੰਧ ਨੂੰ ਦਰਸਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੜਕ ਸੁਰੱਖਿਆ ਫੋਰਸ ਦਾ ਮੁੱਖ ਕੰਮ ਸੜਕਾਂ ’ਤੇ ਵਾਪਰਨ ਵਾਲੇ ਹਾਦਸਿਆਂ ਨਾਲ ਤੁਰੰਤ ਨਜਿੱਠਣਾ ਅਤੇ ਹਾਦਸਾਗ੍ਰਸਤ ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਐਸ.ਐਸ.ਐਫ. ਦੇ ਜਵਾਨ ਮੌਕੇ ’ਤੇ ਪਹੁੰਚ ਕੇ ਪੀੜਤ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਵਿੱਚ ਭੂਮਿਕਾ ਨਿਭਾਉਂਦੇ ਹਨ। ਸਮੇਂ ਸਿਰ ਮਿਲਣ ਵਾਲੀ ਮੁੱਢਲੀ ਸਹਾਇਤਾ ਅਤੇ ਇਲਾਜ ਕਈ ਵਾਰ ਜ਼ਖ਼ਮੀ ਵਿਅਕਤੀ ਦੀ ਜਾਨ ਬਚਾਉਣ ਵਿੱਚ ਅਹਿਮ ਸਾਬਤ ਹੁੰਦਾ ਹੈ। ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ‘ਹਰ ਬਚਾਈ ਜਾਨ ਦੇ ਨਾਮ ਇਕ ਰੁੱਖ’ ਮੁਹਿੰਮ ਰਾਹੀਂ ਸੜਕ ਸੁਰੱਖਿਆ ਦੇ ਨਾਲ ਵਾਤਾਵਰਨ ਸੰਭਾਲ ਦਾ ਸੁਨੇਹਾ ਵੀ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸੜਕਾਂ ਦੇ ਕਿਨਾਰਿਆਂ ’ਤੇ ਰੁੱਖ ਲਗਾਉਣ ਨਾਲ ਜਿੱਥੇ ਹਰਿਆਲੀ ਵਿੱਚ ਵਾਧਾ ਹੋਵੇਗਾ, ਉੱਥੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਣਾ ਮਿਲੇਗੀ। ਐੱਸ.ਐੱਸ.ਐੱਫ. ਦੇ ਕਰਮਚਾਰੀਆਂ ਨੇ ਦੱਸਿਆ ਕਿ ਸੜਕ ਸੁਰੱਖਿਆ ਸਿਰਫ਼ ਹਾਦਸਿਆਂ ਤੋਂ ਬਾਅਦ ਮਦਦ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਸੁਰੱਖਿਅਤ ਅਤੇ ਸੁਚੱਜਾ ਵਾਤਾਵਰਨ ਬਣਾਉਣਾ ਵੀ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੁਹਿੰਮ ਰਾਹੀਂ ਲੋਕਾਂ ਨੂੰ ਰੁੱਖਾਂ ਦੀ ਸੰਭਾਲ ਕਰਨ ਅਤੇ ਸੜਕਾਂ ’ਤੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸੜਕ ਕਿਨਾਰੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਿਪਾਹੀ ਸੁਰੇਂਦਰ ਸਿੰਘ, ਸਿਪਾਹੀ ਦਿਲਪ੍ਰੀਤ ਸਿੰਘ, ਮਹਿਲਾ ਸਿਪਾਹੀ ਅਮਰਜੀਤ ਕੌਰ ਅਤੇ ਮਹਿਲਾ ਸਿਪਾਹੀ ਪ੍ਰਵੀਨ ਕੌਰ ਸਮੇਤ ਐੱਸ.ਐੱਸ.ਐੱਫ. ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਬੂਟੇ ਲਗਾ ਕੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ ਗਿਆ।