ਸ੍ਰੀ ਵੈਸ਼ਨੋ ਭਜਨ ਮੰਡਲੀ ਨੇ ਸਜਾਈ 56ਵੇਂ ਸਲਾਨਾ ਝੰਡੇ ਦੀ ਸ਼ੋਭਾ ਯਾਤਰਾ ਸ੍ਰੀ ਵੈਸ਼ਨੋ ਭਜਨ ਮੰਡਲੀ ਨੇ ਸਜਾਈ 56ਵੇਂ ਸਲਾਨਾ ਝੰਡੇ ਦੀ ਸ਼ੋਭਾ ਯਾਤਰਾ
Publish Date: Wed, 12 Aug 2026 04:54 PM (IST)
Updated Date: Wed, 12 Aug 2026 04:56 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਮਾਤਾ ਰਾਣੀ ਦੇ ਜੈਕਾਰਿਆਂ ਨਾਲ ਜ਼ੀਰਾ ਸ਼ਹਿਰ ਉਸ ਸਮੇਂ ਧਾਰਮਿਕ ਰੰਗ ਵਿਚ ਰੰਗਿਆ ਨਜ਼ਰ ਆਇਆ, ਜਦੋਂ ਸ੍ਰੀ ਵੈਸ਼ਨੋ ਭਜਨ ਮੰਡਲੀ ਟਰੱਸਟ ਵੱਲੋਂ ਸ਼੍ਰੀ ਚਿੰਤਪੁਰਨੀ ਮਾਤਾ ਦੇ ਸਲਾਨਾ ਸਾਉਣ ਮਹੀਨੇ ਦੇ ਮੇਲੇ ਸਬੰਧੀ 56ਵੇਂ ਸਲਾਨਾ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਈ ਗਈ। ਸ਼ੋਭਾ ਯਾਤਰਾ ਵਿਚ ਇਲਾਕੇ ਦੇ ਸ਼ਰਧਾਲੂਆਂ, ਪਤਵੰਤੇ ਵਿਅਕਤੀਆਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਮਾਤਾ ਰਾਣੀ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਸ੍ਰੀ ਵੈਸ਼ਨੋ ਭਵਨ, ਗਲੀ ਬਜਾਜਾ ਵਾਲੀ ਤੋਂ ਝੰਡਾ ਪੂਜਨ ਅਤੇ ਜੌਤੀ ਪ੍ਰਚੰਡ ਦੀ ਰਸਮ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਵੱਲੋਂ ਕੀਤੀ ਗਈ ਅਤੇ ਲੰਗਰ ਉਪਰੰਤ ਬਾਅਦ ਦੁਪਹਿਰ ਸ਼ੁਰੂ ਹੋਈ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸ਼ਰਧਾਲੂਆਂ, ਸਮਾਜ ਸੇਵੀ ਆਗੂਆਂ ਅਤੇ ਮੁਹਤਬਰਾਂ ਵੱਲੋਂ ਸ਼ਰਧਾ ਭਾਵਨਾ ਨਾਲ ਭਰਪੂਰ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਯਾਤਰਾ ਵਿੱਚ ਸ਼ਾਮਲ ਸੇਵਾਦਾਰਾਂ ਲਈ ਵੱਖ-ਵੱਖ ਥਾਵਾਂ ’ਤੇ ਫਲ-ਪ੍ਰਸ਼ਾਦ, ਚਾਹ ਅਤੇ ਪਾਣੀ ਦੇ ਲੰਗਰ ਲਗਾਏ ਗਏ। ਟਰੱਸਟ ਦੇ ਪ੍ਰਧਾਨ ਕੁਲਭੂਸ਼ਨ ਸ਼ਰਮਾ, ਉਪ ਪ੍ਰਧਾਨ ਅਮਰੀਕ ਸਿੰਘ ਵਧੌਣ, ਸੰਜੀਵ ਚੋਪੜਾ ਅਤੇ ਰਾਜੇਸ਼ ਗਰੋਵਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਿਮਾਚਲ ਪ੍ਰਦੇਸ਼ ਵਿਖੇ ਭਰਵਾਈ (ਚਿੰਤਪੁਰਨੀ) ਸਥਿਤ ਜੀਰੇ ਵਾਲਿਆਂ ਦੀ ਧਰਮਸ਼ਾਲਾ ਵਿੱਚ 56ਵਾਂ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 16 ਅਗਸਤ ਦੀ ਸ਼ਾਮ ਨੂੰ ਲੰਗਰ ਸੇਵਾ ਅਤੇ ਮਾਤਾ ਚਿੰਤਪੁਰਨੀ ਦੀ ਪਵਿੱਤਰ ਯਾਤਰਾ ਲਈ ਟਰੱਕ ਰਵਾਨਾ ਕੀਤਾ ਜਾਵੇਗਾ, ਜਦਕਿ 18 ਤੋਂ 21 ਅਗਸਤ ਤੱਕ ਜੀਰੇ ਵਾਲਿਆਂ ਦੀ ਧਰਮਸ਼ਾਲਾ ਵਿਖੇ ਵਿਸ਼ਾਲ ਲੰਗਰ ਦੀ ਸੇਵਾ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਪ੍ਰਧਾਨ ਕੁਲਭੂਸ਼ਣ ਸ਼ਰਮਾ, ਮੀਤ ਪ੍ਰਧਾਨ ਅਮਰੀਕ ਸਿੰਘ ਵਧੌਣ, ਸਕੱਤਰ ਭਜਨ ਦਾਸ ਸਿਡਾਨਾ, ਮਨੋਜ ਸੱਚਦੇਵਾ, ਮਹੰਤ ਯਸ਼ਪਾਲ ਚੌਧਰੀ, ਕੈਸ਼ੀਅਰ ਵਿੱਕੀ, ਐਡਵੋਕੇਟ ਪਵਨ ਵਧੌਣ, ਰਜਿੰਦਰ ਬਜਾਜ (ਨਿੱਕਾ),ਸੰਜੀਵ ਚੋਪੜਾ, ਹੈਪੀ ਮਦਾਨ, ਮੰਨੂ ਰਾਹੀ, ਰਸ਼ਿਮ ਜੈਨ, ਰਾਜੇਸ਼ ਗਰੋਵਰ, ਮੋਨੂੰ ਬਜਾਜ, ਕੋਮਲ ਜੈਨ, ਸੋਹਨ ਸਿੰਘ ਕਾਲਾ, ਰਾਜੇਸ਼ ਮਿੱਤਲ, ਦੀਪਕ ਅਰੋਡ਼ਾ, ਚੀਨਾ ਜੈਨ, ਬੋਹੜ ਸਿੰਘ,ਗਗਨ ਗਰੋਵਰ,ਮੰਨਤ ਜੈਨ ਆਦਿ ਹਾਜ਼ਰ ਸਨ।