- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮਕ੍ਰਿਸ਼ਨ ਡਰਾਮੈਟਿਕ ਕਲੱਬ ਵੱਲੋਂ ‘ਅਸ਼ੋਕ ਵਾਟਿਕਾ’ ਪ੍ਰਸੰਗ ਦਾ ਸ਼ਾਨਦਾਰ ਮੰਚਨ, ਗੋਖਲੇ ਹਾਲ ਰਾਮ ਭਗਤੀ ਦੇ ਰੰਗ ਵਿਚ ਰੰਗਿਆ

ਪੱਤਰ ਪ੍ਰੇਰਕ, ਪੰਜਾਬੀ ਜਾਰਗਣ, ਫਿਰੋਜ਼ਪੁਰ : ਸ਼ਹਿਰ ਦੇ ਇਤਿਹਾਸਕ ਗੋਖਲੇ ਹਾਲ ਵਿਖੇ ਐਤਵਾਰ ਦੀ ਰਾਤ ਸ੍ਰੀ ਰਾਮਕ੍ਰਿਸ਼ਨ ਡਰਾਮੈਟਿਕ ਕਲੱਬ ਵੱਲੋਂ ਰਾਮਾਇਣ ਦੇ ਮਹੱਤਵਪੂਰਨ ਪ੍ਰਸੰਗ ‘ਅਸ਼ੋਕ ਵਾਟਿਕਾ’ ਦਾ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਇਸ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ। ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਅਤੇ ਭਗਤੀ ਭਰੇ ਸੰਵਾਦਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦਾ ਸ਼ੁਭ ਆਰੰਭ ਕੌਂਸਲਰ ਪ੍ਰੇਮ ਰਾਣੀ ਅਤੇ ਉਨ੍ਹਾਂ ਦੇ ਪੁੱਤਰ ਕਪਿਲ ਕੁਮਾਰ ਮੋਂਟੀ ਵੱਲੋਂ ਜੋਤ ਜਗਾ ਕੇ ਕੀਤਾ ਗਿਆ। ਇਸ ਮੌਕੇ ਕਲੱਬ ਦੀ ਪ੍ਰਬੰਧਕੀ ਕਮੇਟੀ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੇਮ ਰਾਣੀ ਨੇ ਕਲੱਬ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਅਹੁਦੇਦਾਰਾਂ ਤੇ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੰਚਨ ਦੌਰਾਨ ਕਲਾਕਾਰਾਂ ਨੇ ਆਪਣੇ ਸ਼ਾਨਦਾਰ ਅਭਿਨੈ ਰਾਹੀਂ ਅਸ਼ੋਕ ਵਾਟਿਕਾ ਦੇ ਪ੍ਰਸੰਗ ਨੂੰ ਜੀਵੰਤ ਕਰ ਦਿੱਤਾ। ਮਾਤਾ ਸੀਤਾ ਜੀ ਦੀ ਭੂਮਿਕਾ ਵਿਨੈ ਮਹਿੰਦਰੂ ਨੇ ਨਿਭਾਈ ਅਤੇ ਉਨ੍ਹਾਂ ਨੇ ਆਪਣੇ ਅਭਿਨੈ ਰਾਹੀਂ ਮਾਤਾ ਸੀਤਾ ਦੇ ਸਬਰ, ਤਿਆਗ ਅਤੇ ਦ੍ਰਿੜ੍ਹ ਵਿਸ਼ਵਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪਵਨਪੁੱਤਰ ਬਜਰੰਗ ਬਲੀ ਦੀ ਭੂਮਿਕਾ ਬਲਵਿੰਦਰ ਵਰਮਾ ਅਤੇ ਲੰਕਾਪਤੀ ਰਾਵਣ ਦੀ ਭੂਮਿਕਾ ਗੁਰਮੇਲ ਹਾਂਡਾ ਨੇ ਨਿਭਾਈ। ਦੋਵਾਂ ਕਲਾਕਾਰਾਂ ਦੇ ਦਮਦਾਰ ਸੰਵਾਦਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸੇ ਤਰ੍ਹਾਂ ਰਾਵਣ ਦੇ ਪੁੱਤਰ ਅਕਸ਼ੈ ਕੁਮਾਰ ਦੀ ਭੂਮਿਕਾ ਭਾਰਤ ਭੂਸ਼ਣ ਮਹਿੰਦਰੂ, ਮੇਘਨਾਥ ਦੀ ਭੂਮਿਕਾ ਅਸ਼ਵਨੀ ਵਰਮਾ ਅਤੇ ਵਿਭੀਸ਼ਣ ਦੀ ਭੂਮਿਕਾ ਸੁਰਿੰਦਰ ਚਾਵਲਾ ਨੇ ਬਾਖੂਬੀ ਨਿਭਾਈ। ਸਾਰੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਪ੍ਰਸੰਗ ਨੂੰ ਯਾਦਗਾਰ ਬਣਾ ਦਿੱਤਾ। ਇਸ ਪੂਰੇ ਪ੍ਰੋਗਰਾਮ ਦਾ ਸਫਲ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਅਵਿਨਾਸ਼ ਆਨੰਦ ਦੀ ਦੇਖ-ਰੇਖ ਹੇਠ ਹੋਇਆ। ਸੰਗੀਤ ਦੇ ਖੇਤਰ ਵਿਚ ਨਰਿੰਦਰ ਨਰੂਲਾ ਅਤੇ ਮਾਸਟਰ ਸਨੀ ਨੇ ਮਧੁਰ ਧੁਨਾਂ ਅਤੇ ਭਗਤੀ ਭਰੇ ਭਜਨਾਂ ਰਾਹੀਂ ਮਾਹੌਲ ਨੂੰ ਭਗਤੀਮਈ ਬਣਾਈ ਰੱਖਿਆ। ਕਲੱਬ ਦੇ ਚੇਅਰਮੈਨ ਐਡਵੋਕੇਟ ਪ੍ਰਿਥਵੀ ਪੁੱਗਲ, ਪ੍ਰਬੰਧਕ ਐਡਵੋਕੇਟ ਸੁਰਿੰਦਰ ਸਿੰਘ, ਪ੍ਰਧਾਨ ਵਿਜੈ ਬਹਿਲ ਅਤੇ ਜਨਰਲ ਸਕੱਤਰ ਸੇਵਾਮੁਕਤ ਤਹਿਸੀਲਦਾਰ ਚਰਨਦਾਸ ਬੇਰੀ ਨੇ ਦਰਸ਼ਕਾਂ ਦੇ ਭਾਰੀ ਉਤਸ਼ਾਹ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਲੱਬ ਦਾ ਉਦੇਸ਼ ਰਾਮਾਇਣ ਦੇ ਆਦਰਸ਼ਾਂ ਅਤੇ ਧਾਰਮਿਕ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਸਮਾਗਮ ਦੇ ਅੰਤ ਤੱਕ ਦਰਸ਼ਕ ਜੈ ਸ੍ਰੀ ਰਾਮ ਅਤੇ ਜੈ ਹਨੂਮਾਨ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਗੂੰਜਾਉਂਦੇ ਰਹੇ।