ਸ਼੍ਰੀ ਜਵਾਲਾ ਭਜਨ ਮੰਡਲੀ ਨੇ ਸ਼ਰਧਾ ਨਾਲ ਸਜਾਈ ਮਾਂ ਚਿੰਤਪੁਰਨੀ ਦੇ ਝੰਡੇ ਦੀ ਯਾਤਰਾ ਸ੍ਰੀ ਜਵਾਲਾ ਭਜਨ ਮੰਡਲੀ ਵੱਲੋ ਸ਼ਰਧਾ ਨਾਲ ਸਜਾਈ ਮਾਂ ਚਿੰਤਪੁਰਨੀ ਦੇ ਝੰਡੇ ਦੀ ਯਾਤਰਾ
Publish Date: Wed, 22 Jul 2026 04:44 PM (IST)
Updated Date: Wed, 22 Jul 2026 04:46 PM (IST)
- 16 ਅਗਸਤ ਨੂੰ ਮਾਂ ਚਿੰਤਪੁਰਨੀ ਦਰਬਾਰ ’ਚ ਅਰਪਿਤ ਕੀਤਾ ਜਾਵੇਗਾ ਪਾਵਨ ਝੰਡਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਾਉਣ ਮਹੀਨੇ ਦੀ ਪਵਿੱਤਰਤਾ, ਮਾਂ ਚਿੰਤਪੁਰਨੀ ਪ੍ਰਤੀ ਅਤੁੱਟ ਆਸਥਾ ਅਤੇ ਭਗਤੀ ਦੇ ਰੰਗਾਂ ਨਾਲ ਬੁੱਧਵਾਰ ਨੂੰ ਜ਼ੀਰਾ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ। 13 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਂ ਚਿੰਤਪੁਰਨੀ ਦੇ ਪਾਵਨ ਮੇਲੇ ਨੂੰ ਸਮਰਪਿਤ ਸ੍ਰੀ ਜਵਾਲਾ ਭਜਨ ਮੰਡਲੀ ਵੱਲੋਂ ਮਾਂ ਚਿੰਤਪੁਰਨੀ ਦੇ ਝੰਡੇ ਦੀ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੇ ਸ਼ਹਿਰ ਭਰ ਵਿਚ ਭਗਤੀ ਅਤੇ ਉਤਸ਼ਾਹ ਦਾ ਅਨੋਖਾ ਮਾਹੌਲ ਸਿਰਜ ਦਿੱਤਾ। ਸ਼ੋਭਾ ਯਾਤਰਾ ਪਰਮ ਪੂਜਨੀਕ ਮਾਤਾ ਮਾਇਆ ਦੇਵੀ ਜੀ ਵੱਡੇ ਮਾਤਾ ਜੀ ਦੇ ਮੰਦਰ ਤੋਂ ਆਰੰਭ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਦੇਰ ਸ਼ਾਮ ਮਾਤਾ ਮਾਇਆ ਦੇਵੀ ਜੀ ਦੇ ਮੰਦਰ ਵਿਖੇ ਸੰਪੰਨ ਹੋਈ। ਯਾਤਰਾ ਦੌਰਾਨ ਸ਼੍ਰੀ ਜਵਾਲਾ ਭਜਨ ਮੰਡਲੀ, ਵਿੱਕੀ ਬਰਕਤ ਜਗਰਾਵਾਂ ਵਾਲੇ ਐਂਡ ਪਾਰਟੀ ਅਤੇ ਵਰਿੰਦਰ ਸ਼ਰਮਾ ਮੱਖੂ ਵਾਲੇ ਵੱਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਭਗਤੀ ਰਸ ਵਿਚ ਸਰੋਬੋਰ ਕੀਤਾ ਗਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਮਹਾਮਾਈ ਦੇ ਭਗਤਾਂ ਵੱਲੋਂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ, ਚਾਹ-ਸਮੋਸੇ, ਫਰੂਟ ਅਤੇ ਹੋਰ ਲੰਗਰ ਲਗਾ ਕੇ ਸੇਵਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਗਈ। ਮੰਡਲੀ ਦੇ ਸਕੱਤਰ ਵਿਜੇ ਕੁਮਾਰ ਬੰਬੀ ਅਤੇ ਕ੍ਰਿਸ਼ਨ ਕੁਮਾਰ ਹਾਂਡਾ ਨੇ ਦੱਸਿਆ ਕਿ ਇਹ ਪਾਵਨ ਝੰਡਾ 16 ਅਗਸਤ ਦਿਨ ਐਤਵਾਰ ਨੂੰ ਮਾਂ ਚਿੰਤਪੁਰਨੀ ਦੇ ਦਰਬਾਰ ਵਿਖੇ ਅਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੀਰਾ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਜਵਾਲਾ ਭਜਨ ਮੰਡਲੀ ਵੱਲੋਂ ਹੀ ਮਾਂ ਚਿੰਤਪੁਰਨੀ ਦੇ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ, ਜਿਸ ਤੋਂ ਬਾਅਦ ਹੋਰ ਭਜਨ ਮੰਡਲੀਆਂ ਵੀ ਇਹ ਪਰੰਪਰਾ ਨਿਭਾਉਂਦੀਆਂ ਹਨ। ਇਸ ਮੌਕੇ ਬਿੰਦਰ ਸ਼ਰਮਾ ਪ੍ਰਧਾਨ, ਜੋਤੀ ਸੇਵਕ ਜਸਵੰਤ ਰਾਏ ਸ਼ਰਮਾ, ਚਮਨ ਲਾਲ, ਸਕੱਤਰ ਵਿਜੇ ਕੁਮਾਰ ਬੰਬੀ, ਕ੍ਰਿਸ਼ਨ ਹਾਂਡਾ, ਬੰਟੀ ਸਚਦੇਵਾ, ਮਹੰਤ ਸ਼ਿੰਗਾਰਾ, ਪਵਨ ਕੁਮਾਰ ਲੱਲੀ ਮੁੱਖ ਸੇਵਾਦਾਰ ਮਾਤਾ ਕਾਲੀ ਮੰਦਰ ਜੀਰਾ, ਪੱਪੂ ਚੌਧਰੀ, ਸੋਨੂੰ ਸਚਦੇਵਾ, ਰਾਹੁਲ ਸਚਦੇਵਾ, ਦੀਪੂ ਬੰਬੀ, ਸੁਨੀਲ ਕੁਮਾਰ, ਪੰਕਜ, ਵਿਸ਼ਾਲ ਸ਼ਰਮਾ, ਗਗਨਦੀਪ ਗੋਰਾ ਅਤੇ ਰਾਹੁਲ ਕੋਚਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।