- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਵੱਲੋਂ ਵਿਸ਼ੇਸ਼ ਸਰਚ ਅਪ੍ਰੇਸ਼ਨ ਅਤੇ ਯਾਤਰੀ ਜਾਗਰੂਕਤਾ ਮੁਹਿੰਮ

-ਸ਼ੱਕੀ ਵਿਅਕਤੀਆਂ ਤੇ ਸਾਮਾਨ ਦੀ ਬਾਰੀਕੀ ਨਾਲ ਕੀਤੀ ਜਾਂਚ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਗੱਡੀਆਂ ’ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਵਧਦੀ ਗਿਣਤੀ ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਸ਼ੁੱਕਰਵਾਰ ਨੂੰ ਥਾਣਾ ਜੀਆਰਪੀ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਵਿਖੇ ਵਿਸ਼ੇਸ਼ ਸਰਚ ਆਪ੍ਰੇਸ਼ਨ ਤੇ ਯਾਤਰੀ ਜਾਗਰੂਕਤਾ ਮੁਹਿੰਮ ਚਲਾਈ। ਮੁਹਿੰਮ ਦੀ ਅਗਵਾਈ ਕਰਦਿਆਂ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੀ ਮੁੱਖ ਅਫ਼ਸਰ ਇੰਸਪੈਕਟਰ ਰੀਤੂ ਬਾਲਾ ਤੇ ਪੁਲਿਸ ਟੀਮ ਨੇ ਸਟੇਸ਼ਨ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਟੇਸ਼ਨ ਦੇ ਵੱਖ-ਵੱਖ ਪਲੇਟਫਾਰਮਾਂ, ਆਉਣ-ਜਾਣ ਵਾਲੀਆਂ ਟ੍ਰੇਨਾਂ, ਵੇਟਿੰਗ ਏਰੀਆ, ਬਾਈਕ ਪਾਰਕਿੰਗ, ਐਂਟਰੀ ਤੇ ਐਗਜਿਟ ਗੇਟਾਂ ਸਮੇਤ ਸਟੇਸ਼ਨ ਦੇ ਬਾਹਰ ਖੜ੍ਹੀਆਂ ਕਾਰਾਂ ਤੇ ਮੋਟਰਸਾਈਕਲਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ। ਸਰਚ ਅਪ੍ਰੇਸ਼ਨ ਦੌਰਾਨ ਸਟੇਸ਼ਨ ਤੇ ਆਸ-ਪਾਸ ਘੁੰਮ ਰਹੇ ਕੁਝ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਬੈਗਾਂ ਤੇ ਹੋਰ ਸਾਮਾਨ ਦੀ ਤਲਾਸ਼ੀ ਲਈ।
ਹਾਲਾਂਕਿ, ਪੂਰੀ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਜਾਂ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ, ਜਿਸ ਨਾਲ ਪੁਲਿਸ ਅਤੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਚੈਕਿੰਗ ਮੁਹਿੰਮ ਦੇ ਨਾਲ-ਨਾਲ ਰੇਲਗੱਡੀਆਂ ਤੇ ਪਲੇਟਫਾਰਮਾਂ ’ਤੇ ਮੌਜੂਦ ਮੁਸਾਫ਼ਰਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਵੀ ਕੀਤਾ। ਪੁਲਿਸ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਸਫ਼ਰ ਦੌਰਾਨ ਜਾਂ ਸਟੇਸ਼ਨ ’ਤੇ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ, ਸ਼ੱਕੀ ਗਤੀਵਿਧੀ ਜਾਂ ਕੋਈ ਲਾਵਾਰਿਸ ਬੈਗ, ਪਾਰਸਲ ਜਾਂ ਚੀਜ਼ ਨਜ਼ਰ ਆਉਂਦੀ ਹੈ, ਤਾਂ ਉਸ ਨੂੰ ਹੱਥ ਨਾ ਲਾਇਆ ਜਾਵੇ। ਅਜਿਹੀ ਕਿਸੇ ਵੀ ਸਥਿਤੀ ਬਾਰੇ ਤੁਰੰਤ ਨੇੜਲੇ ਰੇਲਵੇ ਸਟੇਸ਼ਨ, ਥਾਣਾ ਜੀ.ਆਰ.ਪੀ. ਜਾਂ ਆਰ.ਪੀ.ਐਫ. ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਇੰਸਪੈਕਟਰ ਰੀਤੂ ਬਾਲਾ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ ਤੇ ਰੇਲਗੱਡੀਆਂ ਵਿਚ ਅਮਨ-ਕਾਨੂੰਨ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਚੈਕਿੰਗ ਤੇ ਜਾਗਰੂਕਤਾ ਮੁਹਿੰਮਾਂ ਭਵਿੱਖ ’ਚ ਵੀ ਲਗਾਤਾਰ ਜਾਰੀ ਰਹਿਣਗੀਆਂ।