16 ਸਾਲ ਦੀ ਉਮਰ ’ਚ ਇਨਕਲਾਬ ਦੀ ਰਾਹ ਚੁਣੀ, 20 ਸਾਲ ਦੀ ਉਮਰ ਵਿੱਚ ਦੇਸ਼ ਲਈ ਕੁਰਬਾਨ ਹੋ ਗਿਆ ਜ਼ੀਰਾ ਦਾ ਸੂਰਮਾ 14 ਜੁਲਾਈ ਜਨਮ ਦਿਨ ’ਤੇ ਵਿਸ਼ੇਸ਼
Publish Date: Mon, 13 Jul 2026 03:35 PM (IST)
Updated Date: Mon, 13 Jul 2026 03:36 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਦੀ ਧਰਤੀ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਅਣਗਿਣਤ ਸੂਰਮੇ ਜਨਮੇ, ਪਰ ਜ਼ੀਰਾ ਦੀ ਮਿੱਟੀ ਨੂੰ ਇਹ ਮਾਣ ਹਾਸਲ ਹੈ ਕਿ ਇਸ ਨੇ ਆਪਣੇ ਪਹਿਲੇ ਅਤੇ ਆਖਰੀ ਸ਼ਹੀਦ ਵਜੋਂ ਸ਼ਹੀਦ ਗੁਰਦਾਸ ਰਾਮ ਅਗਰਵਾਲ ਵਰਗਾ ਇਨਕਲਾਬੀ ਪੁੱਤਰ ਦੇਸ਼ ਨੂੰ ਸਮਰਪਿਤ ਕੀਤਾ। ਮਹਿਜ਼ 20 ਸਾਲ ਦੀ ਉਮਰ ਵਿੱਚ ਮਾਤ ਭੂਮੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਗੁਰਦਾਸ ਰਾਮ ਅਗਰਵਾਲ ਦੀ ਸ਼ਹਾਦਤ ਅੱਜ ਵੀ ‘ਹੀਰੋ ਜ਼ੀਰਾ ਬੰਬ ਕੇਸ-1930’ ਦੇ ਨਾਮ ਨਾਲ ਇਤਿਹਾਸ ਦੇ ਸੁਨਹਿਰੀ ਸਫ਼ਿਆਂ ਵਿਚ ਦਰਜ ਹੈ। 14 ਜੁਲਾਈ 1914 ਨੂੰ ਲਾਲਾ ਹਰੀਚੰਦਰ ਦੇ ਘਰ ਜਨਮੇ ਗੁਰਦਾਸ ਰਾਮ ਅਗਰਵਾਲ ਬਚਪਨ ਤੋਂ ਹੀ ਦੇਸ਼ ਭਗਤੀ ਅਤੇ ਇਨਕਲਾਬੀ ਵਿਚਾਰਾਂ ਨਾਲ ਓਤ-ਪੋਤ ਸਨ। ਵਿਦਿਆਰਥੀ ਜੀਵਨ ਦੌਰਾਨ ਹੀ ਉਹ ਆਜ਼ਾਦੀ ਅੰਦੋਲਨ ਨਾਲ ਜੁੜ ਗਏ ਸਨ। 1930 ਵਿਚ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਨਾਫ਼ਰਮਾਨੀ ਅੰਦੋਲਨ ਨੇ ਦੇਸ਼ ਭਰ ਦੇ ਨੌਜਵਾਨਾਂ ਵਿੱਚ ਜੋਸ਼ ਭਰ ਦਿੱਤਾ ਸੀ, ਜਦਕਿ ਸ਼ਹੀਦ ਭਗਤ ਸਿੰਘ ਦੀ ਅਸੈਂਬਲੀ ਬੰਬ ਘਟਨਾ ਨੇ ਨੌਜਵਾਨਾਂ ਦੇ ਦਿਲਾਂ ਵਿੱਚ ਇਨਕਲਾਬ ਦੀ ਲੌ ਹੋਰ ਤੇਜ਼ ਕਰ ਦਿੱਤੀ ਸੀ। ਗੁਰਦਾਸ ਰਾਮ ਉੱਤੇ ਪਰਿਵਾਰਕ ਅਤੇ ਸਮਾਜਿਕ ਮਾਹੌਲ ਦਾ ਵੀ ਡੂੰਘਾ ਪ੍ਰਭਾਵ ਸੀ। ਉਨ੍ਹਾਂ ਦੇ ਵੱਡੇ ਭਰਾ ਹਕੀਮ ਦੇਸਰਾਜ ਕਾਂਗਰਸੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ, ਜਦਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨਾਲ ਪਰਿਵਾਰਕ ਰਿਸ਼ਤੇਦਾਰੀ ਨੇ ਉਨ੍ਹਾਂ ਦੇ ਮਨ ਵਿੱਚ ਦੇਸ਼ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਕੀਤੀ। 1928 ਵਿੱਚ ਸਾਈਮਨ ਕਮਿਸ਼ਨ ਵਿਰੋਧ ਦੌਰਾਨ ਲਾਲਾ ਲਾਜਪਤ ਰਾਏ ਉੱਤੇ ਹੋਏ ਲਾਠੀਚਾਰਜ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੇ ਗੁਰਦਾਸ ਰਾਮ ਵਰਗੇ ਅਣਗਿਣਤ ਨੌਜਵਾਨਾਂ ਨੂੰ ਇਨਕਲਾਬ ਦੇ ਰਾਹ ’ਤੇ ਤੋਰ ਦਿੱਤਾ। 31 ਅਕਤੂਬਰ 1930 ਨੂੰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜ਼ੀਰਾ ਵਿੱਚ ਸਰਕਾਰੀ ਸਮਾਗਮ ਹੋ ਰਿਹਾ ਸੀ। ਉਸੇ ਰਾਤ ਕਰੀਬ 8:30 ਵਜੇ ਗੁਰਦਾਸ ਰਾਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਜ਼ੀਰਾ ਥਾਣੇ ਦੇ ਨੇੜੇ ਬੰਬ ਸੁੱਟ ਕੇ ਬਰਤਾਨਵੀ ਹਕੂਮਤ ਨੂੰ ਚੁਣੌਤੀ ਦਿੱਤੀ। ਹਾਲਾਂਕਿ ਬੰਬ ਫਟਿਆ ਨਹੀਂ, ਪਰ ਇਸ ਘਟਨਾ ਨੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਜਾਂਚ ਦੌਰਾਨ ਗੁਰਦਾਸ ਰਾਮ ਅਤੇ ਉਨ੍ਹਾਂ ਦੇ ਸਾਥੀ ਪੂਰਨ ਸਿੱਧ ਅਤੇ ਗੁਰਮੁਖ ਸਿੰਘ ਦੇ ਨਾਮ ਸਾਹਮਣੇ ਆਏ ਅਤੇ ਗੁਰਦਾਸ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਿਰਫ਼ 16 ਸਾਲ ਦੀ ਉਮਰ ਵਿੱਚ ਗ੍ਰਿਫ਼ਤਾਰ ਹੋਏ ਇਸ ਨੌਜਵਾਨ ਇਨਕਲਾਬੀ ਦਾ ਮੁਕੱਦਮਾ 8 ਦਸੰਬਰ 1930 ਨੂੰ ਵਿਸ਼ੇਸ਼ ਟ੍ਰਿਬਿਊਨਲ ਅੱਗੇ ਚਲਾਇਆ ਗਿਆ। ਅਪ੍ਰੈਲ 1931 ਵਿਚ ਗੁਰਦਾਸ ਰਾਮ ਅਤੇ ਪੂਰਨ ਸਿੱਧ ਨੂੰ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜੇਲ੍ਹ ਵਿਚ ਗੁਰਦਾਸ ਰਾਮ ਨੂੰ ਅਮਾਨਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਬਰਫ਼ ਉੱਤੇ ਲਿਟਾਇਆ ਗਿਆ, ਕੁੱਟਮਾਰ ਕੀਤੀ ਗਈ ਅਤੇ ਭੁੱਖ ਹੜਤਾਲ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਅਖ਼ੀਰ ਤਪਦਿਕ ਦੀ ਭਿਆਨਕ ਬਿਮਾਰੀ ਨਾਲ ਜੂਝਦੇ ਹੋਏ 27 ਮਈ 1934 ਨੂੰ ਇਹ ਨੌਜਵਾਨ ਇਨਕਲਾਬੀ ਸ਼ਹਾਦਤ ਦਾ ਜਾਮ ਪੀ ਗਿਆ। ਅੱਜ ਵੀ ਜ਼ੀਰਾ ਸ਼ਹਿਰ ਆਪਣੇ ਇਸ ਮਹਾਨ ਸਪੂਤ ਨੂੰ ਸਤਿਕਾਰ ਨਾਲ ਯਾਦ ਕਰਦਾ ਹੈ। ਉਨ੍ਹਾਂ ਦੀ ਯਾਦ ਵਿੱਚ ਬਣੀ ਸ਼ਹੀਦ ਗੁਰਦਾਸ ਰਾਮ ਯਾਦਗਾਰੀ ਕਮੇਟੀ ਹਰ ਸਾਲ 27 ਮਈ ਨੂੰ ਸ਼ਹੀਦੀ ਦਿਹਾੜਾ ਮਨਾਉਂਦੀ ਹੈ। ਜ਼ੀਰਾ ਦੀ ਮੁੱਖ ਸੜਕ ਦਾ ਨਾਮ ਸ਼ਹੀਦ ਗੁਰਦਾਸ ਰਾਮ ਅਗਰਵਾਲ ਰੋਡ ਰੱਖਿਆ ਗਿਆ, ਜਦਕਿ ਡਾਕ ਵਿਭਾਗ ਨੇ ਸਥਾਨਕ ਡਾਕਘਰ ਦਾ ਨਾਮ ਸ਼ਹੀਦ ਗੁਰਦਾਸ ਰਾਮ ਰੋਡ ਡਾਕਘਰ ਰੱਖਿਆ। ਇਸੇ ਤਰ੍ਹਾਂ ਸ਼ਹੀਦ ਗੁਰਦਾਸ ਰਾਮ ਸਰਕਾਰੀ ਗਰਲਜ਼ ਹਾਈ ਸਕੂਲ ਅਤੇ ਸ਼ਹੀਦ ਗੁਰਦਾਸ ਰਾਮ ਅਗਰਵਾਲ ਲਾਇਬ੍ਰੇਰੀ ਅੱਜ ਵੀ ਉਨ੍ਹਾਂ ਦੀ ਕੁਰਬਾਨੀ ਦੀ ਗਵਾਹੀ ਦੇ ਰਹੇ ਹਨ। 1969 ਵਿਚ ਪੰਜਾਬ ਸਰਕਾਰ ਵੱਲੋਂ ਜ਼ੀਰਾ ਮਿਊਂਸੀਪਲ ਹਾਲ ਵਿੱਚ ਉਨ੍ਹਾਂ ਦੀ ਜੀਵਨ ਆਕਾਰ ਤਸਵੀਰ ਲਗਾਈ ਗਈ ਸੀ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ ਦਾ ਸੰਦੇਸ਼ ਦੇ ਰਹੀ ਹੈ।