ਸ਼ਹੀਦ-ਏ-ਆਜ਼ਮ ਭਗਤ ਸਿੰਘ : ਹੱਥ ’ਚ ਕਿਤਾਬ ਤੇ ਦਿਲ ’ਚ ਇਨਕਲਾਬ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਵਿਸ਼ੇਸ਼ ਲੇਖ
Publish Date: Sun, 27 Sep 2026 04:23 PM (IST)
Updated Date: Sun, 27 Sep 2026 04:24 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਲਈ ਉਨ੍ਹਾਂ ਨੂੰ ਸਿਰਫ਼ ਇੱਕ ਬਹਾਦਰ ਕ੍ਰਾਂਤੀਕਾਰੀ ਜਾਂ ਅੰਗਰੇਜ਼ ਹਕੂਮਤ ਵਿਰੁੱਧ ਹਥਿਆਰ ਚੁੱਕਣ ਵਾਲੇ ਨੌਜਵਾਨ ਵਜੋਂ ਦੇਖਣਾ ਕਾਫ਼ੀ ਨਹੀਂ। ਉਨ੍ਹਾਂ ਦੀ ਸੋਚ ਦਾ ਘੇਰਾ ਇਸ ਤੋਂ ਕਿਤੇ ਵੱਡਾ ਸੀ। ਉਹ ਆਜ਼ਾਦੀ ਨੂੰ ਕੇਵਲ ਵਿਦੇਸ਼ੀ ਹਕੂਮਤ ਤੋਂ ਮੁਕਤੀ ਨਹੀਂ, ਸਗੋਂ ਇੱਕ ਅਜਿਹੇ ਸਮਾਜ ਦੀ ਸਿਰਜਣਾ ਨਾਲ ਜੋੜ ਕੇ ਦੇਖਦੇ ਸਨ ਜਿਸ ਵਿੱਚ ਮਨੁੱਖੀ ਬਰਾਬਰੀ, ਸਮਾਜਿਕ ਨਿਆਂ ਅਤੇ ਸ਼ੋਸ਼ਣ ਤੋਂ ਮੁਕਤੀ ਹੋਵੇ। ਭਗਤ ਸਿੰਘ ਦੀ ਸੋਚ ਵਿੱਚ ‘ਇਨਕਲਾਬ’ ਦਾ ਅਰਥ ਸਿਰਫ਼ ਸਰਕਾਰ ਬਦਲਣਾ ਨਹੀਂ ਸੀ। ਉਹ ਸਮਾਜ ਦੀਆਂ ਉਨ੍ਹਾਂ ਵਿਵਸਥਾਵਾਂ ਵਿੱਚ ਬਦਲਾਅ ਚਾਹੁੰਦੇ ਸਨ ਜਿੱਥੇ ਇੱਕ ਮਨੁੱਖ ਦੂਜੇ ਮਨੁੱਖ ਦਾ ਸ਼ੋਸ਼ਣ ਕਰਦਾ ਹੈ। ਉਨ੍ਹਾਂ ਦੇ ਲਿਖਤਾਂ ਵਿੱਚ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਅਤੇ ਸਮਾਜਿਕ-ਆਰਥਿਕ ਬਰਾਬਰੀ ਦੀ ਚਿੰਤਾ ਸਪੱਸ਼ਟ ਦਿਖਾਈ ਦਿੰਦੀ ਹੈ। ਉਹ ਤਰਕ ਅਤੇ ਵਿਗਿਆਨਕ ਸੋਚ ਨੂੰ ਬਹੁਤ ਮਹੱਤਵ ਦਿੰਦੇ ਸਨ। ਉਨ੍ਹਾਂ ਦੀ ਲਿਖਤ ‘ਮੈਂ ਨਾਸਤਿਕ ਕਿਉਂ ਹਾਂ’ ਇਸ ਪੱਖ ਨੂੰ ਸਮਝਣ ਲਈ ਮਹੱਤਵਪੂਰਨ ਹੈ। ਇਸ ਵਿੱਚ ਉਹ ਅੰਧ-ਵਿਸ਼ਵਾਸ ਦੀ ਥਾਂ ਤਰਕ, ਪ੍ਰਸ਼ਨ ਕਰਨ ਅਤੇ ਆਪਣੇ ਵਿਚਾਰਾਂ ਦੀ ਪੜਤਾਲ ਕਰਨ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਲਈ ਕਿਸੇ ਵਿਚਾਰ ਨੂੰ ਸਿਰਫ਼ ਇਸ ਕਰਕੇ ਸਵੀਕਾਰ ਕਰਨਾ ਕਾਫ਼ੀ ਨਹੀਂ ਸੀ ਕਿ ਉਹ ਪੁਰਾਣਾ ਜਾਂ ਪ੍ਰਚਲਿਤ ਹੈ; ਉਹ ਉਸ ਨੂੰ ਤਰਕ ਦੀ ਕਸੌਟੀ ’ਤੇ ਪਰਖਣ ਦੇ ਹੱਕ ਵਿੱਚ ਸਨ। ਭਗਤ ਸਿੰਘ ਦੀ ਵਿਚਾਰਧਾਰਾ ਦਾ ਇੱਕ ਹੋਰ ਮਹੱਤਵਪੂਰਨ ਪੱਖ ਧਰਮ ਅਤੇ ਰਾਜਨੀਤੀ ਦੇ ਸਬੰਧ ਬਾਰੇ ਉਨ੍ਹਾਂ ਦੀ ਸੋਚ ਸੀ। ਉਹ ਧਾਰਮਿਕ ਪਹਿਚਾਣ ਦੇ ਆਧਾਰ ’ਤੇ ਲੋਕਾਂ ਵਿੱਚ ਵੰਡ ਨੂੰ ਆਜ਼ਾਦੀ ਦੇ ਸੰਘਰਸ਼ ਲਈ ਨੁਕਸਾਨਦੇਹ ਮੰਨਦੇ ਸਨ। ਉਹ ਨੌਜਵਾਨਾਂ ਨੂੰ ਸੰਪਰਦਾਇਕ ਵੰਡ ਤੋਂ ਉੱਪਰ ਉੱਠ ਕੇ ਸਾਂਝੀ ਮਨੁੱਖੀ ਪਹਿਚਾਣ ਅਤੇ ਦੇਸ਼ ਦੀ ਆਜ਼ਾਦੀ ਲਈ ਇਕੱਠੇ ਹੋਣ ਦਾ ਸੰਦੇਸ਼ ਦਿੰਦੇ ਸਨ। ਉਨ੍ਹਾਂ ਲਈ ਆਜ਼ਾਦੀ ਦਾ ਅਰਥ ਆਮ ਲੋਕਾਂ ਦੀ ਆਜ਼ਾਦੀ ਵੀ ਸੀ। ਜੇਕਰ ਰਾਜਨੀਤਿਕ ਸੱਤਾ ਤਾਂ ਬਦਲ ਜਾਵੇ ਪਰ ਗਰੀਬੀ, ਬੇਰੁਜ਼ਗਾਰੀ, ਸ਼ੋਸ਼ਣ, ਨਾ-ਬਰਾਬਰੀ ਅਤੇ ਭੁੱਖ ਜਿਉਂ ਦੀ ਤਿਉਂ ਰਹੇ ਤਾਂ ਉਹ ਅਜਿਹੀ ਆਜ਼ਾਦੀ ਨੂੰ ਅਧੂਰਾ ਮੰਨਦੇ ਸਨ। ਇਸੇ ਕਰਕੇ ਉਨ੍ਹਾਂ ਦੀ ਸੋਚ ਵਿੱਚ ਰਾਜਨੀਤਿਕ ਆਜ਼ਾਦੀ ਦੇ ਨਾਲ ਸਮਾਜਿਕ ਅਤੇ ਆਰਥਿਕ ਨਿਆਂ ਦਾ ਵਿਚਾਰ ਵੀ ਜੁੜਿਆ ਹੋਇਆ ਸੀ। ਭਗਤ ਸਿੰਘ ਦੀ ਵਿਚਾਰਧਾਰਾ ਦਾ ਸਭ ਤੋਂ ਪ੍ਰੇਰਣਾਦਾਇਕ ਪੱਖ ਸੀ ਅਧਿਐਨ ਅਤੇ ਵਿਚਾਰ ਦੀ ਮਹੱਤਤਾ। ਉਹ ਮੰਨਦੇ ਸਨ ਕਿ ਇੱਕ ਕ੍ਰਾਂਤੀਕਾਰੀ ਲਈ ਸਿਰਫ਼ ਹਿੰਮਤ ਕਾਫ਼ੀ ਨਹੀਂ; ਉਸ ਕੋਲ ਗਿਆਨ, ਤਰਕ ਅਤੇ ਆਪਣੇ ਸਮੇਂ ਦੀਆਂ ਸਮੱਸਿਆਵਾਂ ਦੀ ਡੂੰਘੀ ਸਮਝ ਵੀ ਹੋਣੀ ਚਾਹੀਦੀ ਹੈ। ਇਸੇ ਲਈ ਜੇਲ੍ਹ ਵਿੱਚ ਵੀ ਉਨ੍ਹਾਂ ਨੇ ਆਪਣਾ ਵੱਡਾ ਸਮਾਂ ਪੜ੍ਹਨ ਅਤੇ ਲਿਖਣ ਵਿੱਚ ਲਗਾਇਆ। ਇਸ ਤਰ੍ਹਾਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਕੁਝ ਮੁੱਖ ਸ਼ਬਦਾਂ ਵਿਚ ਸਮਝਿਆ ਜਾ ਸਕਦਾ ਹੈ ਆਜ਼ਾਦੀ, ਬਰਾਬਰੀ, ਸਮਾਜਿਕ ਨਿਆਂ, ਤਰਕਸ਼ੀਲਤਾ, ਧਰਮਨਿਰਪੱਖਤਾ, ਸ਼ੋਸ਼ਣ ਵਿਰੋਧ ਅਤੇ ਗਿਆਨ। ਅੱਜ ਦੇ ਸਮੇਂ ਵਿੱਚ ਭਗਤ ਸਿੰਘ ਨੂੰ ਯਾਦ ਕਰਨ ਦਾ ਸਭ ਤੋਂ ਅਰਥਪੂਰਨ ਤਰੀਕਾ ਉਨ੍ਹਾਂ ਦੀ ਤਸਵੀਰ ਅੱਗੇ ਫੁੱਲ ਭੇਟ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਅਤੇ ਉਨ੍ਹਾਂ ਵੱਲੋਂ ਉਠਾਏ ਸਵਾਲਾਂ ’ਤੇ ਵਿਚਾਰ ਕਰਨਾ ਹੈ। ਉਨ੍ਹਾਂ ਦੀ ਜ਼ਿੰਦਗੀ ਨੌਜਵਾਨਾਂ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਜੋ ਸਮਾਜ ਆਪਣੇ ਨੌਜਵਾਨਾਂ ਨੂੰ ਪੜ੍ਹਨ, ਸੋਚਣ ਅਤੇ ਸਵਾਲ ਕਰਨ ਦੀ ਆਜ਼ਾਦੀ ਦਿੰਦਾ ਹੈ, ਉਹੀ ਅਸਲ ਤਰੱਕੀ ਵੱਲ ਵਧਦਾ ਹੈ।