3 ਹਲਕਿਆਂ ’ਚ ਐੱਸਆਈਆਰ ਦੀ ਕਾਰਵਾਈ 100 ਫ਼ੀਸਦ ਮੁਕੰਮਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ 4 ਵਿਧਾਨ ਸਭਾ ਹਲਕਿਆਂ ਵਿਚੋਂ 3 ਵਿੱਚ ਐਸ.ਆਈ.ਆਰ. 2026 ਦੀ ਕਾਰਵਾਈ 100 ਫ਼ੀਸਦੀ ਮੁਕੰਮਲ - ਜ਼ਿਲ੍ਹਾ ਚੋਣ ਅਫ਼ਸਰ
Publish Date: Thu, 01 Oct 2026 06:29 PM (IST)
Updated Date: Fri, 02 Oct 2026 04:05 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੋਧ (ਐੱਸਆਈਆਰ) ਦੀ ਕਾਰਵਾਈ ਲਗਭਗ ਮੁਕੰਮਲ ਹੋ ਗਈ ਹੈ ਅਤੇ ਲਗਭਗ 98.35 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ੀਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 75-ਜ਼ੀਰਾ, 77-ਫਿਰੋਜ਼ਪੁਰ ਦਿਹਾਤੀ, 78-ਗੁਰੂਹਰਸਹਾਏ ਵਿਚ ਐੱਸਆਈਆਰ. 2026 ਦੀ ਕਾਰਵਾਈ 100 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ। ਹਰੇਕ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚ ਯਕੀਨੀ ਤੌਰ ’ਤੇ ਸ਼ਾਮਲ ਕਰਨ ਅਤੇ ਵੋਟਰਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਮਾਮਲਿਆਂ ਵਿੱਚ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਸੁਣਵਾਈ ਜਾਂ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਕਾਰਵਾਈ ਅਜੇ ਬਾਕੀ ਹੈ, ਉਨ੍ਹਾਂ ਮਾਮਲਿਆਂ ਵਿੱਚ ਬੂਥ ਲੈਵਲ ਅਫ਼ਸਰ (ਬੀਐੱਲਓ) ਵੋਟਰਾਂ ਨਾਲ ਸੰਪਰਕ ਕਰਨਗੇ ਅਤੇ ਲੋੜੀਂਦੇ ਦਸਤਾਵੇਜ਼ ਸਿੱਧੇ ਤੌਰ ’ਤੇ ਉਨ੍ਹਾਂ ਤੋਂ ਪ੍ਰਾਪਤ ਕਰਨਗੇ। ਇਸ ਲਈ ਵੋਟਰਾਂ ਨੂੰ ਸੁਣਵਾਈ ਲਈ ਦਫ਼ਤਰਾਂ ਵਿੱਚ ਬੁਲਾਉਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਨਾਲ ਵੋਟਰਾਂ ਨੂੰ ਨਿੱਜੀ ਸੁਣਵਾਈ ਤੇ ਜਿੱਥੇ ਲਾਗੂ ਹੋਵੇ, ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਦੇ ਦਫ਼ਤਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ ਦਫਤਰ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ, ਤਾਂ ਜੋ ਵੋਟਰਾਂ ਦੀ ਸਹੂਲਤ ਲਈ ਉਨ੍ਹਾਂ ਦੀਆਂ ਵੋਟਰ ਸੂਚੀਆਂ ਨਾਲ ਸਬੰਧਤ ਪੁੱਛਗਿੱਛ ਅਤੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।