ਦੇਵ ਸਮਾਜ ਕਾਲਜ ਦੀ ਸ਼ਿਵਾਂਗੀ ਦੀ ਇਨਫੋਸਿਸ ’ਚ ਸਿਸਟਮ ਐਸੋਸੀਏਟ ਟ੍ਰੇਨੀ ਵਜੋਂ ਚੋਣ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੀ ਬੀਸੀਏ ਵਿਦਿਆਰਥਣ ਸ਼ਿਵਾਂਗੀ ਦੀ ਇਨਫੋਸਿਸ ਵਿਚ ਸਿਸਟਮ ਐਸੋਸੀਏਟ ਟ੍ਰੇਨੀ ਵਜੋਂ ਚੋਣ
Publish Date: Wed, 22 Jul 2026 07:36 PM (IST)
Updated Date: Wed, 22 Jul 2026 07:37 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੀਆਂ ਵਿਦਿਆਰਥਣਾਂ ਆਪਣੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ, ਕੌਸ਼ਲ ਵਿਕਾਸ ਅਤੇ ਕੈਂਪਸ ਪਲੇਸਮੈਂਟ ਰਾਹੀਂ ਲਗਾਤਾਰ ਨਵੀਆਂ ਉੱਚਾਈਆਂ ਨੂੰ ਛੂਹ ਰਹੀਆਂ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੀ ਬੀਸੀਏ ਛੇਵੇਂ ਸਮੈਸਟਰ ਦੀ ਹੋਣਹਾਰ ਵਿਦਿਆਰਥਣ ਸ਼ਿਵਾਂਗੀ ਦੀ ਦੇਸ਼ ਦੀ ਪ੍ਰਮੁੱਖ ਬਹੁ-ਰਾਸ਼ਟਰੀ ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ਵਿਚ ਸਿਸਟਮ ਐਸੋਸੀਏਟ ਟ੍ਰੇਨੀ ਵਜੋਂ ਚੋਣ ਹੋਈ ਹੈ। ਆਪਣੀ ਚੋਣ ਉਪਰੰਤ ਉਹ ਮੈਸੂਰ (ਕਰਨਾਟਕ) ਵਿਖੇ ਕੰਪਨੀ ਦੇ ਵਿਸ਼ਵ-ਪੱਧਰੀ ਟ੍ਰੇਨਿੰਗ ਸੈਂਟਰ ਵਿਚ ਪੇਸ਼ੇਵਰ ਸਿਖਲਾਈ ਪ੍ਰਾਪਤ ਕਰੇਗੀ। ਇਸ ਮੌਕੇ ਡਾ. ਸੰਗੀਤਾ ਪ੍ਰਿੰਸੀਪਲ ਨੇ ਕਿਹਾ ਕਿ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫਿਰੋਜ਼ਪੁਰ ਦਾ ਉਦੇਸ਼ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਸਿੱਖਿਆ ਦੇਣਾ ਹੈ। ਕਾਲਜ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਡਾ. ਅਗਨੀਜ਼ ਢਿੱਲੋਂ ਚੇਅਰਪਰਸਨ ਦੇ ਯੋਗ ਮਾਰਗਦਰਸ਼ਨ, ਅਜੈ ਬੱਤਾ ਕਾਲਜ ਸਕੱਤਰ ਅਤੇ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਹੇਠ ਇਹ ਸੰਸਥਾ ਨਵੀਆਂ ਉੱਚਾਈਆਂ ਵੱਲ ਅੱਗੇ ਵੱਧ ਰਹੀ ਹੈ। ਇਸ ਮਾਣਮੱਤੀ ਉਪਲਬੱਧੀ ’ਤੇ ਕਾਲਜ ਦੇ ਪ੍ਰਬੰਧਕਾਂ, ਪ੍ਰਿੰਸੀਪਲ ਡਾ. ਸੰਗੀਤਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਸ਼ਿਵਾਂਗੀ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਸ਼ਿਵਾਂਗੀ ਦੀ ਇਹ ਸਫਲਤਾ ਨਾ ਸਿਰਫ਼ ਉਸਦੀ ਮਿਹਨਤ, ਲਗਨ ਅਤੇ ਪ੍ਰਤਿਭਾ ਦਾ ਨਤੀਜਾ ਹੈ, ਸਗੋਂ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਦਿੱਤੀ ਜਾ ਰਹੀ ਗੁਣਵੱਤਾਪੂਰਨ ਸਿੱਖਿਆ, ਤਕਨੀਕੀ ਸਿਖਲਾਈ, ਵਿਅਕਤੀਗਤ ਮਾਰਗਦਰਸ਼ਨ ਅਤੇ ਕਰੀਅਰ-ਕੇਂਦਰਿਤ ਵਾਤਾਵਰਣ ਦੀ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥਣਾਂ ਨੂੰ ਕੇਵਲ ਡਿਗਰੀ ਹੀ ਨਹੀਂ, ਸਗੋਂ ਉਦਯੋਗਿਕ ਲੋੜਾਂ ਅਨੁਸਾਰ ਕੌਸ਼ਲ ਵਿਕਸਿਤ ਕਰਨ ਦੀ ਲੋੜ ਹੈ ਅਤੇ ਕਾਲਜ ਇਸ ਦਿਸ਼ਾ ਵਿਚ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਦਿਆਰਥਣਾਂ ਨੂੰ ਰੋਜ਼ਗਾਰ-ਮੁੱਖੀ ਸਿੱਖਿਆ, ਆਧੁਨਿਕ ਕੰਪਿਊਟਰ ਲੈਬਾਂ, ਤਕਨੀਕੀ ਵਰਕਸ਼ਾਪਾਂ, ਸੈਮੀਨਾਰਾਂ, ਸਾਫ਼ਟ ਸਕਿਲ ਡਿਵੈਲਪਮੈਂਟ, ਪਰਸਨੈਲਿਟੀ ਡਿਵੈਲਪਮੈਂਟ, ਇੰਡਸਟਰੀ ਇੰਟਰਫੇਸ ਅਤੇ ਕੈਂਪਸ ਪਲੇਸਮੈਂਟ ਦੀਆਂ ਬਿਹਤਰੀਨ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ, ਜਿਸ ਕਾਰਨ ਹਰ ਸਾਲ ਕਾਲਜ ਦੀਆਂ ਵਿਦਿਆਰਥਣਾਂ ਵੱਖ-ਵੱਖ ਨਾਮਵਰ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿਚ ਚੁਣੀਆਂ ਜਾ ਰਹੀਆਂ ਹਨ। ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਸ਼ਿਵਾਂਗੀ ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਮਿਹਨਤੀ, ਅਨੁਸ਼ਾਸਿਤ ਅਤੇ ਸਿੱਖਣ ਪ੍ਰਤੀ ਸਮਰਪਿਤ ਵਿਦਿਆਰਥਣ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਨਫੋਸਿਸ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਨਾ ਸਿਰਫ਼ ਆਪਣੇ ਪਰਿਵਾਰ ਅਤੇ ਕਾਲਜ ਦਾ, ਸਗੋਂ ਪੂਰੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕਰੇਗੀ। ਕਾਲਜ ਦੇ ਪ੍ਰਬੰਧਕਾਂ ਨੇ ਕਿਹਾ ਕਿ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਦਿਆਰਥਣਾਂ ਨੂੰ ਸਵੈ-ਨਿਰਭਰ, ਆਤਮਵਿਸ਼ਵਾਸੀ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਲਈ ਯੋਗ ਬਣਾਉਣ ਲਈ ਨਿਰੰਤਰ ਕਾਰਜ ਕਰ ਰਿਹਾ ਹੈ।ਕਾਲਜ ਦੇ ਪ੍ਰਬੰਧਕਾਂ, ਪ੍ਰਿੰਸੀਪਲ ਡਾ. ਸੰਗੀਤਾ, ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਸਮੂਹ ਅਧਿਆਪਕਾਂ, ਗੈਰ-ਅਧਿਆਪਕ ਸਟਾਫ਼ ਅਤੇ ਵਿਦਿਆਰਥਣਾਂ ਨੇ ਸ਼ਿਵਾਂਗੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁੜ ਵਧਾਈ ਦਿੰਦਿਆਂ ਉਸਦੇ ਸਫਲ, ਖੁਸ਼ਹਾਲ ਅਤੇ ਉੱਜਵਲ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ।