- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਦੇਸ਼-ਭਗਤੀ ਦੇ ਜਜ਼ਬੇ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਸਮਾਗਮ ਵਿਚ ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਵਾਈਸ-ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਸ਼ਰਮਾ ਦੀ ਦੂਰਅੰਦੇਸ਼ ਅਗਵਾਈ ਹੇਠ ਕਰਵਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿਣ ਅਤੇ ਭਗਤ ਸਿੰਘ ਦੇ ਉੱਚੇ ਆਦਰਸ਼ਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਵਾਈਸ-ਚਾਂਸਲਰ ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਅਤੇ ਦੇਸ਼ ਦੇ ਨਿਰਮਾਣ ਲਈ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ, ਜਦਕਿ ਰਜਿਸਟਰਾਰ ਡਾ. ਅਰੋੜਾ ਨੇ ਰਸਮੀ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਯਾਦਗਾਰੀ ਸਮਾਗਮ ਦੌਰਾਨ ਭੰਗੜਾ ਅਤੇ ਗਿੱਧਾ ਸਮੇਤ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਇਆ। ਵਿਦਿਆਰਥੀ ਐਂਕਰ ਗੁਰਲੀਨ, ਆਲਮਪ੍ਰੀਤ ਸਿੰਘ ਸੰਧੂ, ਕ੍ਰਿਸ਼ ਮਨਚੰਦਾ ਅਤੇ ਲਵਪ੍ਰੀਤ ਸਿੰਘ ਨੇ ਕੋਆਰਡੀਨੇਟਰ ਜਸਪ੍ਰੀਤ ਸਿੰਘ ਨਾਲ ਮਿਲ ਕੇ ਫੈਕਲਟੀ ਸੁਪਰਵਾਈਜ਼ਰ ਮਨੀਸ਼ ਕੁਮਾਰ ਕੋਆਰਡੀਨੇਟਰ, ਸੇਕਾ ਅਤੇ ਨਵਦੀਪ ਕੌਰ ਝੱਜ ਦੀ ਅਗਵਾਈ ਹੇਠ ਮੰਚ ਦਾ ਸੰਚਾਲਨ ਬਾਖ਼ੂਬੀ ਨਿਭਾਇਆ। ਇਸ ਮੌਕੇ ਸੀਨੀਅਰ ਫੈਕਲਟੀ ਮੈਂਬਰ ਡਾ. ਸੰਨੀ ਬਹਿਲ ਡੀ.ਐੱਸ.ਡਬਲਿਊ., ਇੰਦਰਜੀਤ ਸਿੰਘ ਗਿੱਲ, ਅਮਰਦੀਪ ਚੋਪੜਾ ਅਤੇ ਲੋਕ ਸੰਪਰਕ ਅਫ਼ਸਰ ਪੀ.ਆਰ.ਓ. ਡਾ. ਗ਼ਜ਼ਲ ਪ੍ਰੀਤ ਸਿੰਘ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।