- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਸੜਕਾਂ ਬਣਾਉਣ ਲਈ ਸੌਂਪਿਆ ਮੰਗ ਪੱਤਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਲੋਨੀ ਵੈਲਫੇਅਰ ਸੁਸਾਇਟੀ ਫ਼ਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਹਰਗੁਰਸ਼ਰਨ ਸਿੰਘ ਸੰਧੂ ਵੱਲੋਂ ਆਪਣੀ ਪ੍ਰਬੰਧਕੀ ਕਮੇਟੀ ਤੋਂ ਮਤਾ ਪਾਸ ਕਰਵਾ ਕੇ ਹਲਕਾ ਫ਼ਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਕਲੋਨੀ ਦੀਆਂ ਖਰਾਬ ਹੋ ਚੁੱਕੀਆਂ ਸੜਕਾਂ ਦੀ ਜਲਦ ਤੋਂ ਜਲਦ ਨਵੀਂ ਉਸਾਰੀ ਕਰਨ ਦੀ ਮੰਗ ਕੀਤੀ। ਪ੍ਰਧਾਨ ਹਰਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਭਗਤ ਸਿੰਘ ਕਲੋਨੀ ਦੀਆਂ ਅੰਦਰੂਨੀ ਸੜਕਾਂ ਨੂੰ ਬਣੇ ਕਾਫ਼ੀ ਲੰਮਾ ਸਮਾਂ ਬੀਤ ਚੁੱਕਾ ਹੈ, ਜਿਸ ਕਾਰਨ ਇਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਸੜਕਾਂ ਵਿੱਚ ਪਏ ਡੂੰਘੇ ਖੱਡਿਆਂ ਕਾਰਨ ਇਲਾਕਾ ਨਿਵਾਸੀਆਂ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਉਣ-ਜਾਣ ਸਮੇਂ ਭਾਰੀ ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਿਧਾਇਕ ਕੋਲ ਮੰਗ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸੜਕਾਂ ਨਵੀਆਂ ਬਣਵਾਈਆਂ ਜਾਣ। ਮੰਗ ਪੱਤਰ ਪ੍ਰਾਪਤ ਕਰਨ ਸਮੇਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਕਲੋਨੀ ਦੀਆਂ ਸੜਕਾਂ ਬਹੁਤ ਹੀ ਵਧੀਆ ਤਰੀਕੇ ਨਾਲ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਬਣਵਾ ਦਿੱਤੀਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਤਕਲੀਫ਼ ਨਾ ਆਵੇ। ਪ੍ਰਧਾਨ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਕਲੋਨੀ ਨਿਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਅਸ਼ੋਕ ਕੁਮਾਰ ਸਚਦੇਵਾ ਨੂੰ ਵੀ ਮੰਗ ਪੱਤਰ ਦੇ ਕੇ ਨਵੀਆਂ ਸੜਕਾਂ ਬਣਾਉਣ ਲਈ ਬੇਨਤੀ ਕੀਤੀ ਜਾ ਚੁੱਕੀ ਹੈ। ਇਸ ਮੰਗ ਪੱਤਰ ਦੇਣ ਸਮੇਂ ਪ੍ਰਧਾਨ ਹਰਗੁਰਸ਼ਰਨ ਸਿੰਘ ਸੰਧੂ ਦੇ ਨਾਲ ਚੇਅਰਮੈਨ ਤੀਰਥ ਰਾਮ ਨਾਰੰਗ, ਜਨਰਲ ਸਕੱਤਰ ਅਸ਼ੋਕ ਕੁਮਾਰ ਮਹਿਤਾ, ਵਾਇਸ ਪ੍ਰਧਾਨ ਪੱਪੂ ਹਾਂਡਾ, ਸਮਾਜ ਸੇਵੀ ਵਰਕਰ ਪਰਮਵੀਰ ਵੜੈਚ, ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਦੇ ਮੁੱਖ ਸੇਵਾਦਾਰ ਅਮਰੀਕ ਸਿੰਘ ਬਰਾੜ, ਖਜ਼ਾਨਚੀ ਰਮਿੰਦਰ ਸਿੰਘ ਬੱਤਰਾ ਅਤੇ ਨੰਨੂ ਗਾਬਾ ਸਮੇਤ ਕਮੇਟੀ ਦੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ।