- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਦੇ ਖੇਤਾਂ ’ਚ ਛੱਡਿਆ ਸੀਵਰੇਜ਼ ਦਾ ਪਾਣੀ !

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਸ਼ਹਿਰ ਦੀ ਨਵੀਂ ਬਣੀ ਵਾਰਡ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇੱਕ ਵੱਖਰੀ ਹੀ ਕਿਸਮ ਦਾ ਵਿਵਾਦ ਸਾਹਮਣੇ ਆਇਆ ਹੈ। ਵਾਰਡ ਨੰਬਰ ਚਾਰ ਪਿੰਡ ਰਾਮੇ ਵਾਲਾ ਦੇ ਇਕ ਕਿਸਾਨ ਵੱਲੋਂ ਸੀਵਰੇਜ ਵਿਭਾਗ ਦੇ ਕਰਮਚਾਰੀਆਂ ’ਤੇ ਜਾਣਬੁੱਝ ਕੇ ਗੰਦਾ ਪਾਣੀ ਖੇਤਾਂ ਵਿੱਚ ਛੱਡਣ ਅਤੇ ਇਸ ਦਾ ਵਿਰੋਧ ਕਰਨ ’ਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਵਿਪਨ ਕੁਮਾਰ ਪੁੱਤਰ ਬਰਕਤ ਰਾਮ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਉਪ ਮੰਡਲ ਮੈਜਿਸਟ੍ਰੇਟ ਫਿਰੋਜ਼ਪੁਰ ਅਤੇ ਐੱਸਐੱਚਓ ਥਾਣਾ ਸਦਰ ਫਿਰੋਜ਼ਪੁਰ ਨੂੰ ਲਿਖਤੀ ਦਰਖਾਸਤ ਦੇ ਕੇ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤਕਰਤਾ ਅਨੁਸਾਰ ਉਸ ਦੀ ਜ਼ਮੀਨ ਫਿਰੋਜ਼ਪੁਰ ਦੇ ਪਿੰਡ ਰਾਮੇਵਾਲਾ ਵਿਖੇ ਸਥਿਤ ਹੈ, ਜਿੱਥੇ ਉਹ ਖੇਤੀਬਾੜੀ ਕਰਦਾ ਹੈ ਅਤੇ ਖੇਤੀ ਹੀ ਉਸ ਦੀ ਆਮਦਨ ਦਾ ਮੁੱਖ ਸਾਧਨ ਹੈ। ਉਸ ਦਾ ਦੋਸ਼ ਹੈ ਕਿ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਾਣਬੁੱਝ ਕੇ ਸੀਵਰੇਜ ਦਾ ਪਾਣੀ ਉਸ ਦੀ ਜ਼ਮੀਨ ਵੱਲ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਫ਼ਸਲ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਵੱਲੋਂ ਪਹਿਲੋਂ ਝੋਨੇ ਦੀ ਕਟਾਈ ਵੇਲੇ ਵੀ ਅਜਿਹਾ ਕੀਤੇ ਜਾਣ ਕਾਰਣ ਕਾਫੀ ਨੁਕਸਾਨ ਹੋਇਆ ਸੀ । ਦਰਖਾਸਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਉਸ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ ਆਪਣੀ ਫ਼ਸਲ ਅਤੇ ਜ਼ਮੀਨ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦਾ ਪਾਣੀ ਖੇਤਾਂ ਵਿੱਚ ਛੱਡਣ ਦੀ ਕਾਰਵਾਈ ਤੁਰੰਤ ਬੰਦ ਕਰਵਾਈ ਜਾਵੇ, ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਧਰ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਮੰਨਿਆਂ ਕਿ ਪਿੰਡ ਰਾਮੇਵਾਲਾ ਵਿਖੇ ਸੀਵਰੇਜ਼ ਅੋਵਰ ਫਲੋਅ ਹੋ ਰਿਹਾ ਹੈ , ਉਨ੍ਹਾਂ ਆਖਿਆ ਕਿ ਉਹ ਛੇਤੀ ਹੀ ਉਸ ਦਾ ਹੱਲ ਕਰਵਾਉਣਗੇ।
- ‘ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ!’
ਮਾਮਲੇ ਵਿੱਚ ਹੈਰਾਨੀਜਨਕ ਟਵਿਸਟ ਇਹ ਰਿਹਾ ਕਿ ਸ਼ਿਕਾਇਤਕਰਤਾ ਅਨੁਸਾਰ ਸੀਵਰੇਜ਼ ਬੋਰਡ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਸੇ ਮਹਿਮਕੇ ਨਾਲ ਸਬੰਧਿਤ ਨਗਰ ਕੌਂਸਲ ਨੂੰ ਹੀ ਮਾਰਕ ਕਰ ਦਿੱਤੀ ਗਈ। ਇਸ ’ਤੇ ਵਿਪਨ ਕੁਮਾਰ ਨੇ ਤੰਜ਼ ਕਰਦਿਆਂ ਆਖਿਆ ਕਿ ‘ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ, ਕਿਆ ਮੇਰੇ ਹੱਕ ਮੇਂ ਫੈਸਲਾ ਦੇਗਾ।’ ਹੁਣ ਵੇਖਣਾ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਸ਼ਿਕਾਇਤ ’ਤੇ ਕੀ ਕਾਰਵਾਈ ਕੀਤੀ ਜਾਂਦੀ ਹੈ।
- ਕਾਰਵਾਈ ਦੇ ਨਾਂ ’ਤੇ ਪੁਲਿਸ ਅਧਿਕਾਰੀ ਨੇ ਪੂਰਿਆ ਸੀਵਰੇਜ਼ ਬੋਰਡ ਦਾ ਪੱਖ
ਸ਼ਿਕਾਇਤਕਰਤਾ ਵਿਪਨ ਕੁਮਾਰ ਨੇ ਦੋਸ਼ ਲਗਾਇਆ ਕਿ ਜਦੋਂ ਉਸ ਵੱਲੋਂ ਥਾਣਾ ਸਦਰ ਵਿਖੇ ਦਰਖਾਸਤ ਦਿੱਤੀ ਗਈ ਤਾਂ ਸਬੰਧਿਤ ਤਫਤੀਸ਼ ਅਧਿਕਾਰੀ ਉਸ ਦੀ ਸੁਣਵਾਈ ਕਰਨ ਦੀ ਬਜਾਏ ਸੀਵਰੇਜ਼ ਬੋਰਡ ਦੀ ਹੀ ਪੈਰਵਾਈ ਕਰਦਾ ਰਿਹਾ। ਇਸ ਸਬੰਧੀ ਜਦੋਂ ਸਬੰਧਿਤ ਤਫਤੀਸ਼ ਅਧਿਕਾਰੀ ਏਐੱਸਆਈ ਬਲਦੇਵ ਰਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਸੀਵਰੇਜ਼ ਬੋਰਡ ਦੇ ਐਸਡੀੳ ਨੂੰ ਕਹਿ ਕੇ ਖੇਤ ਨੂੰ ਜਾਂਦਾ ਪਾਣੀ ਬੰਦ ਕਰਵਾ ਦਿੱਤਾ ਹੈ। ਪਰ ਇੱਥੇ ਸਵਾਲ ਇਹ ਹੈ ਕਿ ਤਫਤੀਸ਼ ਅਧਿਕਾਰੀ ਦਾ ਕੰਮ ਪਾਣੀ ਬੰਦ ਕਰਵਾਉਣਾ ਸੀ ਜਾਂ ਕਥਿਤ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨਾ ਸੀ।