'ਆਪ' ਮਹਿਲਾ ਆਗੂ ਦੇ ਘਰ 'ਤੇ ਅੱਧੀ ਰਾਤ ਨੂੰ ਪਥਰਾਅ: ਵਿਧਾਇਕ 'ਤੇ ਲਗਾਏ ਗੰਭੀਰ ਆਰੋਪ, CCTV 'ਚ ਕੈਦ ਹੋਈ ਵਾਰਦਾਤ
ਸ਼ਹਿਰ ਦੇ ਮੱਲਾਂਵਾਲਾ ਰੋਡ ਸਥਿਤ ਬੇਦੀ ਕਾਲੋਨੀ ਫੇਸ-2 ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਾਰ ਵਿੱਚ ਸਵਾਰ ਹੋ ਕੇ ਆਏ ਕਰੀਬ ਅੱਧਾ ਦਰਜਨ ਲੋਕਾਂ ਨੇ ਇੱਕ ਘਰ 'ਤੇ ਕਥਿਤ ਤੌਰ 'ਤੇ ਪੱਥਰਬਾਜ਼ੀ ਕਰ ਦਿੱਤੀ। ਘਟਨਾ ਰਾਤ ਕਰੀਬ 2:15 ਵਜੇ ਦੀ ਦੱਸੀ ਜਾ ਰਹੀ ਹੈ। ਪਥਰਾਅ ਕਾਰਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਟੁੱਟ ਗਿਆ। ਇਹ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ।
Publish Date: Tue, 02 Jun 2026 10:36 AM (IST)
Updated Date: Tue, 02 Jun 2026 10:40 AM (IST)
ਸੰਵਾਦ ਸਹਿਯੋਗੀ, ਜਾਗਰਣ, ਫ਼ਿਰੋਜ਼ਪੁਰ। ਸ਼ਹਿਰ ਦੇ ਮੱਲਾਂਵਾਲਾ ਰੋਡ ਸਥਿਤ ਬੇਦੀ ਕਾਲੋਨੀ ਫੇਸ-2 ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਾਰ ਵਿੱਚ ਸਵਾਰ ਹੋ ਕੇ ਆਏ ਕਰੀਬ ਅੱਧਾ ਦਰਜਨ ਲੋਕਾਂ ਨੇ ਇੱਕ ਘਰ 'ਤੇ ਕਥਿਤ ਤੌਰ 'ਤੇ ਪੱਥਰਬਾਜ਼ੀ ਕਰ ਦਿੱਤੀ। ਘਟਨਾ ਰਾਤ ਕਰੀਬ 2:15 ਵਜੇ ਦੀ ਦੱਸੀ ਜਾ ਰਹੀ ਹੈ। ਪਥਰਾਅ ਕਾਰਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਟੁੱਟ ਗਿਆ। ਇਹ ਪੂਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪੀੜਤ ਮੰਡੀ ਬੋਰਡ ਦੀ ਮੈਂਬਰ ਮਨਜੀਤ ਕੌਰ, ਜੋ ਆਮ ਆਦਮੀ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ, ਉਨ੍ਹਾਂ ਨੇ ਇਸ ਹਮਲੇ ਨੂੰ ਸਿਆਸੀ ਰੰਜਿਸ਼ ਦਾ ਨਤੀਜਾ ਦੱਸਦਿਆਂ ਸਥਾਨਕ ਵਿਧਾਇਕ ’ਤੇ ਗੰਭੀਰ ਦੋਸ਼ ਲਗਾਏ ਹਨ। ਮਨਜੀਤ ਕੌਰ ਦਾ ਕਹਿਣਾ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਮਨਜੀਤ ਕੌਰ ਦੇ ਪਤੀ 63 ਸਾਲਾ ਸ਼ੁਭੇਗ ਸਿੰਘ, ਜੋ ਭਾਰਤੀ ਫ਼ੌਜ ਤੋਂ ਸੇਵਾਮੁਕਤ ਹਨ, ਉਸ ਨੇ ਦੋਸ਼ ਲਗਾਇਆ ਕਿ ਸਿਆਸੀ ਦਖ਼ਲਅੰਦਾਜ਼ੀ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਉਸ ਸਮੇਂ ਘਰੋਂ ਬਾਹਰ ਨਿਕਲ ਆਉਂਦੇ ਤਾਂ ਉਨ੍ਹਾਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।
ਸ਼ੁਭੇਗ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪੁਲਿਸ ਹੈਲਪਲਾਈਨ 112 'ਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦਾ ਦੋਸ਼ ਹੈ ਕਿ ਮੌਕੇ 'ਤੇ ਪਹੁੰਚੇ ਇਕ ਪੁਲਿਸ ਮੁਲਾਜ਼ਮ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਕੀਤੀ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਦੀਆਂ ਦੋ ਬੇਟੀਆਂ ਵਿਆਹੀਆਂ ਹੋਈਆਂ ਹਨ, ਜਦਕਿ ਬੇਟਾ ਬਖ਼ਸ਼ੀਸ਼ ਸਿੰਘ ਭਾਰਤੀ ਹਵਾਈ ਫ਼ੌਜ ਵਿੱਚ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਦੀ ਦਾਅਵੇਦਾਰ ਵੀ ਰਹਿ ਚੁੱਕੀ ਹੈ।
ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ ਮਨਜੀਤ ਕੌਰ
ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਮਨਜੀਤ ਕੌਰ ਅਚਾਨਕ ਚਰਚਾ ਵਿੱਚ ਆ ਗਈ ਸੀ। ਉਸ ਸਮੇਂ ਉਨ੍ਹਾਂ ਨੇ ਖ਼ੁਦ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਦੱਸਦਿਆਂ ਮੁੱਖ ਮੰਤਰੀ ਨਾਲ ਭਾਵੁਕ ਅੰਦਾਜ਼ ਵਿੱਚ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਦੇ ਗਲੇ ਲੱਗ ਕੇ ਰੋਣ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਉਹ ਲੰਮੇ ਸਮੇਂ ਤੱਕ ਚਰਚਾ ਦਾ ਵਿਸ਼ਾ ਬਣੀ ਰਹੀ ਸੀ।