- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਖੇਡ ਮੇਲਾ ਅਤੇ ਜਨਮਦਿਨ ਉਤਸਵ ਧੂਮ-ਧਾਮ ਨਾਲ ਆਯੋਜਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸੀਨੀਅਰ ਸਿਟੀਜ਼ਨ ਕੌਂਸਲ ਫਿਰੋਜ਼ਪੁਰ ’ਚ ਸੀਨੀਅਰ ਸਿਟੀਜ਼ਨ ਖੇਡ ਮੇਲਾ ਅਤੇ ਜਨਮਦਿਨ ਉਤਸਵ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਡਾ. ਕਮਲ ਬਾਗੀ (ਐੱਮ.ਡੀ., ਬਾਗੀ ਹਸਪਤਾਲ) ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਵਿਪੁਲ ਨਾਰੰਗ ਵੱਲੋਂ ਕੀਤਾ ਗਿਆ। ਕੌਂਸਲ ਪ੍ਰਧਾਨ ਪੀਡੀ ਸ਼ਰਮਾ ਨੇ ਦੱਸਿਆ ਕਿ ਮੇਲੇ ਮੌਕੇ ਪੰਜਾ ਲੜਾਉਣਾ (9 ਟੀਮਾਂ), ਤਿੰਨ ਟੰਗੀ ਦੌੜ (11 ਟੀਮਾਂ), ਕੁਰਸੀ ’ਤੇ ਬੈਠ ਕੇ ਗੁਬਾਰਾ ਫੋੜਨਾ (9 ਟੀਮਾਂ) ਅਤੇ ਪਤਨੀ ਵੱਲੋਂ ਪਤੀ ਨੂੰ ਸਾੜ੍ਹੀ ਬੰਨ੍ਹ ਕੇ ਸਜਾਉਣ (9 ਟੀਮਾਂ) ਦੇ ਮੁਕਾਬਲੇ ਕਰਵਾਏ ਗਏ। ਖ਼ਾਸ ਤੌਰ ’ਤੇ ਸਾੜ੍ਹੀ ਬੰਨ੍ਹਣ ਦੀ ਖੇਡ ਅਤੇ ਔਰਤਾਂ ਦੀ ਭਰਵੀਂ ਸ਼ਮੂਲੀਅਤ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਮੁੱਚੀਆਂ ਖੇਡਾਂ ਨੂੰ ਸੁਚਾਰੂ ਅਤੇ ਨਿਯਮਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਵਤਾਰ ਸਿੰਘ, ਪ੍ਰਦੀਪ ਕੁਮਾਰ, ਸ਼ਸ਼ੀ ਚੁੱਘ, ਕਿਰਨ ਸ਼ਰਮਾ ਅਤੇ ਸੁਭਾਸ਼ ਵੱਲੋਂ ਪ੍ਰਬੰਧਕੀ ਸੇਵਾਵਾਂ ਨਿਭਾਈਆਂ ਗਈਆਂ, ਜਦਕਿ ਐਡਵੋਕੇਟ ਸੁਭਾਸ਼ ਕਾਲੀਆ (ਲੀਗਲ ਐਡਵਾਈਜ਼ਰ) ਨੇ ਬਤੌਰ ਵਿਸ਼ੇਸ਼ ਜੱਜ ਨਿਰਪੱਖ ਨਤੀਜੇ ਤਿਆਰ ਕੀਤੇ। ਸਮਾਗਮ ਦੌਰਾਨ ਡੀ.ਸੀ.ਬੀ. ਬੈਂਕ ਦੇ ਮੈਨੇਜਰ ਮਨੀਸ਼ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕਰਕੇ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਸਵਰਨ ਸਿੰਘ ਸੁਹਾਨਾ, ਵਿਨੋਦ ਕੁਮਾਰ ਗਰੋਵਰ, ਮੱਖਣ ਲਾਲ, ਅਵਤਾਰ ਸਿੰਘ, ਪ੍ਰਦੀਪ ਕੁਮਾਰ, ਸੂਰਿਆ ਪ੍ਰਕਾਸ਼, ਦੀਪ ਚੰਦ, ਜੋਗਿੰਦਰ ਸਿੰਘ, ਅੰਮ੍ਰਿਤ ਸੋਡੀ, ਸੁਭਾਸ਼ ਕਾਲੀਆ, ਡਾ. ਐੱਸ. ਪੀ. ਕਟਾਰੀਆ, ਰਾਧੇ ਮੋਹਨ, ਪ੍ਰੇਮ ਕੁਮਾਰ ਰਸੀਆ, ਦਾਸ ਕੁਮਾਰ ਗੁਲਾਟੀ ਅਤੇ ਜਤਿੰਦਰ ਨਿਸ਼ਚਲ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਕੌਂਸਲ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਖੇਡਾਂ ਤੋਂ ਇਲਾਵਾ ਸਮਾਗਮ ਵਿਚ ਪ੍ਰੇਮ ਕੁਮਾਰ ਰਸੀਆ ਅਤੇ ਭਾਗਵੰਤੀ ਦੇਵੀ ਦੀ ਗੋਲਡਨ ਜੁਬਲੀ ਧੂਮ-ਧਾਮ ਨਾਲ ਮਨਾਈ ਗਈ। ਮੁੱਖ ਮਹਿਮਾਨ ਡਾ. ਕਮਲ ਬਾਗੀ ਨੇ ਕੌਂਸਲ ਨੂੰ 11,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਵਿਸ਼ੇਸ਼ ਮਹਿਮਾਨ ਵਿਪੁਲ ਨਾਰੰਗ ਨੇ ਪ੍ਰਬੰਧਕਾਂ ਦੀ ਮਿਹਨਤ ਦੀ ਪ੍ਰਸੰਸਾ ਕਰਦਿਆਂ 5,100 ਰੁਪਏ ਦਾ ਸਹਿਯੋਗ ਦਿੱਤਾ। ਸਮਾਗਮ ਦੇ ਅੰਤ ਵਿਚ ਕੌਂਸਲ ਵੱਲੋਂ ਮੁੱਖ ਮਹਿਮਾਨ ਡਾ. ਬਾਗੀ ਅਤੇ ਵਿਪੁਲ ਨਾਰੰਗ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।