- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
11ਵੇਂ ਆਯੁਰਵੈਦਿਕ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਵਿਖੇ ਸੈਮੀਨਾਰ ਆਯੋਜਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫ਼ਿਰੋਜ਼ਪੁਰ ਡਾ. ਰੁਪਿੰਦਰਦੀਪ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਵਿਖੇ 11ਵੇਂ ਆਯੁਰਵੈਦਿਕ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਰਕੇਸ਼ ਕੁਮਾਰ ਗਰੋਵਰ, ਆਯੁਰਵੈਦਿਕ ਮੈਡੀਕਲ ਅਫਸਰ, ਪੀਐੱਚਸੀ ਮੱਲਵਾਲ ਵੱਲੋਂ ਸਕੂਲ ਦੇ ਵਿਦਿਆਰਥੀਆਂ, ਪ੍ਰਿੰਸੀਪਲ ਅਤੇ ਸਟਾਫ ਨੂੰ ਆਯੁਰਵੈਦ ਅਤੇ ਯੋਗਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਆਯੁਰਵੈਦ ਅਨੁਸਾਰ ਸਹੀ ਖਾਣ-ਪੀਣ ਅਤੇ ਰਹਿਣ-ਸਹਿਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਕੁਦਰਤੀ ਵਸਤੂਆਂ ਜਿਵੇਂ ਆਂਵਲਾ, ਹਲਦੀ, ਜ਼ੀਰਾ, ਅਜਵਾਇਨ, ਮੇਥੀ ਦਾਣਾ ਅਤੇ ਤੁਲਸੀ ਆਦਿ ਸਿਹਤ ਲਈ ਲਾਹੇਵੰਦ ਹਨ। ਉਨ੍ਹਾਂ ਇਨ੍ਹਾਂ ਦੀ ਢੁੱਕਵੀਂ ਵਰਤੋਂ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਡਾ. ਗਰੋਵਰ ਨੇ ਵਿਦਿਆਰਥੀਆਂ ਨੂੰ ਜੰਕ ਫੂਡ ਜਿਵੇਂ ਪੀਜ਼ਾ, ਬਰਗਰ, ਨੂਡਲਜ਼ ਆਦਿ ਦੀ ਵੱਧ ਵਰਤੋਂ ਤੋਂ ਪ੍ਰਹੇਜ਼ ਕਰਨ ਅਤੇ ਕੁਦਰਤੀ ਫਲਾਂ, ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਪਨੀਰ ਆਦਿ ਪੌਸ਼ਟਿਕ ਖੁਰਾਕ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਬਤੀਤ ਕਰਨ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਆਯੁਰਵੈਦ ਦਾ ਅਰਥ ਸਿਰਫ਼ ਬਿਮਾਰੀਆਂ ਦਾ ਇਲਾਜ ਕਰਨਾ ਨਹੀਂ, ਸਗੋਂ ਸਿਹਤਮੰਦ ਵਿਅਕਤੀ ਦੀ ਤੰਦਰੁਸਤੀ ਨੂੰ ਬਣਾਈ ਰੱਖਣਾ ਵੀ ਹੈ। ਆਯੁਰਵੈਦ ਅਤੇ ਯੋਗਾ ਸਿਹਤਮੰਦ ਜੀਵਨ-ਸ਼ੈਲੀ ਨੂੰ ਅਪਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਵੱਲੋਂ ਡਾ. ਰਕੇਸ਼ ਕੁਮਾਰ ਗਰੋਵਰ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਯੁਰਵੈਦ ਅਤੇ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੇ, ਜ਼ਿੰਮੇਵਾਰ ਤੇ ਸਿਹਤਮੰਦ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।