- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਸਟੇਸ਼ਨ ਫਿਰੋਜ਼ਪੁਰ ’ਤੇ ਜੀ.ਆਰ.ਪੀ. ਵੱਲੋਂ ਸਰਚ ਅਪ੍ਰੇਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਰੇਲਵੇ ਮੁਸਾਫਿਰਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਵੱਲੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਵਿਖੇ ਵਿਸ਼ੇਸ਼ ਪੈਸੰਜਰ ਅਵੇਰਨੈੱਸ ਅਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਹ ਕਾਰਵਾਈ ਸਪੈਸ਼ਲ ਡੀ.ਜੀ.ਪੀ. ਜੀ.ਆਰ.ਪੀ. ਪਟਿਆਲਾ ਅਤੇ ਡੀ.ਐੱਸ.ਪੀ. ਜ਼ੋਨਲ ਜੀ.ਆਰ.ਪੀ. ਫਿਰੋਜ਼ਪੁਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤੀ ਗਈ। ਸਰਚ ਅਪ੍ਰੇਸ਼ਨ ਦੌਰਾਨ ਜੀ.ਆਰ.ਪੀ. ਦੀ ਟੀਮ ਵੱਲੋਂ ਰੇਲਵੇ ਸਟੇਸ਼ਨ ਦੇ ਵੱਖ-ਵੱਖ ਪਲੇਟਫਾਰਮਾਂ, ਰੇਲ ਗੱਡੀਆਂ, ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ, ਐਂਟਰੀ ਅਤੇ ਐਗਜ਼ਿਟ ਗੇਟਾਂ ਸਮੇਤ ਹੋਰ ਮਹੱਤਵਪੂਰਨ ਥਾਵਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਸਟੇਸ਼ਨ ’ਤੇ ਮੌਜ਼ੂਦ ਸ਼ੱਕੀ ਵਿਅਕਤੀਆਂ ਅਤੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ। ਜੀ.ਆਰ.ਪੀ. ਅਧਿਕਾਰੀਆਂ ਅਨੁਸਾਰ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਇਸ ਮੌਕੇ ਰੇਲਵੇ ਰਾਹੀਂ ਸਫ਼ਰ ਕਰਨ ਵਾਲੇ ਮੁਸਾਫਿਰਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਦਿਆਂ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਜਾਂ ਟਰੇਨ ਵਿੱਚ ਕੋਈ ਸ਼ੱਕੀ ਵਿਅਕਤੀ, ਸ਼ੱਕੀ ਵਸਤੂ ਜਾਂ ਲਾਵਾਰਿਸ ਸਮਾਨ ਨਜ਼ਰ ਆਉਂਦਾ ਹੈ ਤਾਂ ਇਸ ਨੂੰ ਆਪਣੇ ਪੱਧਰ ’ਤੇ ਨਾ ਛੂਹਣ ਅਤੇ ਤੁਰੰਤ ਨਜ਼ਦੀਕੀ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਜਾਂ ਆਰ.ਪੀ.ਐੱਫ. ਨੂੰ ਸੂਚਿਤ ਕਰਨ। ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਨਵੀਨ ਕੁਮਾਰ ਨੇ ਕਿਹਾ ਕਿ ਰੇਲਵੇ ਮੁਸਾਫਿਰਾਂ ਦੀ ਸੁਰੱਖਿਆ ਲਈ ਅਜਿਹੀ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹੇਗੀ।