- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੀ ਰਾਤ ਸੜਕ ’ਤੇ ਦਹਿਸ਼ਤ ਦਾ ਮੰਜ਼ਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਦੀਵਾਲੀ ਦੀ ਰਾਤ ਜਦੋਂ ਪੂਰਾ ਸ਼ਹਿਰ ਦੀਵਿਆਂ ਅਤੇ ਪਟਾਕਿਆਂ ਦੀ ਰੌਸ਼ਨੀ ਵਿੱਚ ਜਗਮਗਾ ਰਿਹਾ ਸੀ, ਉਸੇ ਦੌਰਾਨ ਸੜਕ ’ਤੇ ਵਾਪਰੀ ਇੱਕ ਘਟਨਾ ਨੇ ਲੋਕਾਂ ਦੇ ਸਾਹ ਸੂਤ ਦਿੱਤੇ। ਪਟਾਕੇ ਖਰੀਦ ਕੇ ਘਰ ਪਰਤ ਰਹੇ ਨੌਜਵਾਨ ਦੀ ਐਕਟਿਵਾ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਚਾਲਕ ਐਕਟਿਵਾ ਨੂੰ ਸੜਕ ’ਤੇ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਲੋਕਾਂ ਵੱਲੋਂ ਰੌਲਾ ਪਾਉਣ ਅਤੇ ਰੋਕਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਚਾਲਕ ਨੇ ਗੱਡੀ ਨਹੀਂ ਰੋਕੀ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਦੀਵਾਲੀ ਲਈ ਪਟਾਕੇ ਖਰੀਦ ਕੇ ਆਪਣੀ ਐਕਟਿਵਾ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਪਾਇਲਟ ਚੌਕ ਨੇੜੇ ਪਹੁੰਚਿਆ ਤਾਂ ਪਿੱਛਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਕਾਰ ਦੇ ਅਗਲੇ ਹਿੱਸੇ ਵਿੱਚ ਫਸ ਗਈ। ਇਸ ਦੇ ਬਾਵਜੂਦ ਚਾਲਕ ਨੇ ਰੁਕਣ ਦੀ ਬਜਾਏ ਕਾਰ ਦੀ ਰਫ਼ਤਾਰ ਹੋਰ ਵਧਾ ਦਿੱਤੀ ਅਤੇ ਐਕਟਿਵਾ ਨੂੰ ਘਸੀਟਦਾ ਹੋਇਆ ਅੱਗੇ ਨਿਕਲ ਗਿਆ। ਘਟਨਾ ਵੇਖ ਕੇ ਆਲੇ-ਦੁਆਲੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਨੇ ਰੌਲਾ ਪਾ ਕੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਵਧਦਾ ਰਿਹਾ। ਆਖ਼ਰਕਾਰ ਕਿਲ੍ਹੇ ਵਾਲਾ ਚੌਕ ਨੇੜੇ ਕਾਰ ਚਾਲਕ ਐਕਟਿਵਾ ਛੱਡ ਕੇ ਫਾਜ਼ਿਲਕਾ ਰੋਡ ਵੱਲ ਫ਼ਰਾਰ ਹੋ ਗਿਆ। ਸੁਖਦ ਪਹਿਲੂ ਇਹ ਰਿਹਾ ਕਿ ਇਸ ਖ਼ੌਫ਼ਨਾਕ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ ’ਤੇ ਟਰੈਫਿਕ ਪੁਲਿਸ ਦੇ ਏਐੱਸਆਈ ਤਰਸੇਮ ਸਿੰਘ ਨੇ ਪੁਲਿਸ ਮੁਲਾਜ਼ਮਾਂ ਅਤੇ ਲੋਕਾਂ ਦੀ ਮਦਦ ਨਾਲ ਕਾਰ ਦਾ ਪਿੱਛਾ ਕਰਦਿਆਂ ਨੁਕਸਾਨੀ ਐਕਟਿਵਾ ਬਰਾਮਦ ਕਰ ਲਈ। ਪੁਲਿਸ ਵੱਲੋਂ ਮੌਕੇ ਤੋਂ ਮਿਲੇ ਕਾਰ ਦੇ ਨੰਬਰ ਸਮੇਤ ਹੋਰ ਤੱਥਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਫ਼ਰਾਰ ਚਾਲਕ ਦੀ ਪਛਾਣ ਕਰਕੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।